Connect with us

ਪੰਜਾਬੀ

ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਗਿੱਲ ਰੋਡ ਅਨਾਜ ਮੰਡੀ ਚ ਕਣਕ ਦੀ ਖ਼ਰੀਦ ਦਾ ਜਾਇਜ਼ਾ

Published

on

MLA Kulwant Singh Sidhu reviews wheat procurement at Gill Road Grain Mandi

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਵਿੱਚ ਕਣਕ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਹਨ ਤੇ ਕਿਸਾਨਾਂ ਸਮੇਤ ਕਣਕ ਦੀ ਖ਼ਰੀਦ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਹੈ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ ਹੈ। ਇਹ ਗੱਲ ਹਲਕਾ ਆਤਮ ਨਗਰ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੇ ਸਥਾਨਕ ਗਿੱਲ ਰੋਡ, ਨੇੜੇ ਅਰੋੜਾ ਪੈਲੇਸ ਦੀ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਆਖੀ।

ਇਸ ਮੌਕੇ ਉਨ੍ਹਾਂ ਦੇ ਨਾਲ ਮੰਡੀ ਬੋਰਡ ਦੇ ਸਕੱਤਰ ਸ. ਤੇਗ ਬਹਾਦੁਰ ਵੀ ਹਾਜ਼ਰ ਸਨ ਜਿਨ੍ਹਾਂ ਵਿਧਾਇਕ ਸਿੱਧੂ ਨੂੰ ਖਰੀਦ ਦੇ ਪੁਖ਼ਤਾ ਅਤੇ ਮੁਕੰਮਲ ਪ੍ਰਬੰਧ ਕੀਤੇ ਹੋਣ ਬਾਰੇ ਜਾਣੂੰ ਕਰਵਾਇਆ। ਵਿਧਾਇਕ ਸਿੱਧੂ ਵੱਲੋਂ ਮੀਡੀਆ ਦੁਆਰਾ ਪੁੱਛੇ ਗਏ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਮੇਰਾ ਦਫ਼ਤਰ ਬਿਲਕੁੱਲ ਦਾਣਾ ਮੰਡੀ ਦੇ ਵਿੱਚ ਸਥਿਤ ਹੈ ਅਤੇ ਅੰਨਦਾਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚ ਪਾਣੀ, ਲਾਈਟਾਂ, ਬੈਠਣ, ਪਖਾਨਿਆਂ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਗਏ ਹਨ।

ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਕਣਕ ਥੋੜੀ ਪਛੜ ਕੇ ਆਈ ਹੈ ਤੇ ਝਾੜ ਵੀ ਘਟ ਹੈ ਪਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਮੰਡੀ ਵਿੱਚ ਫਸਲ ਵੇਚਣ ਲਈ ਆਉਣ ਵਾਲੇ ਕਿਸਾਨਾਂ ਦੀ ਰੋਟੀ-ਪਾਣੀ ਦਾ ਪ੍ਰਬੰਧ ਉਨ੍ਹਾਂ ਵੱਲੋ ਨਿੱਜੀ ਤੌਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਕਿਸਾਨ ਖੁ਼ਸ਼ ਹੈ ਤਾਂ ਭਗਵਾਨ ਵੀ ਖੁ਼ਸ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਇਸ ਸੀਜਨ ਦੌਰਾਨ 9.24 ਲੱਖ ਐਮ.ਟੀ. ਕਣਕ ਦੇ ਆਉਣ ਦਾ ਅਨੁਮਾਨ ਹੈ।

ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਮੰਗ ਵਧੀ ਹੈ ਤੇ ਵਪਾਰੀਆਂ ਵੱਲੋਂ ਐਮ. ਐਸ. ਪੀ. ਤੋਂ ਵੱਧ ਭਾਅ ਉੱਤੇ ਕਣਕ ਖਰੀਦੀ ਜਾ ਰਹੀ ਹੈ। ਸਰਕਾਰ ਦੀਆਂ ਮੰਡੀਆਂ ਵਿੱਚੋਂ ਟੈਕਸ ਭਰ ਕੇ ਵਪਾਰੀਆਂ ਵਲੋਂ ਨਿਰਵਿਘਨ ਕਣਕ ਖਰੀਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲ ਦਾ ਸਮਾਂ ਬੱਧ ਢੰਗ ਨਾਲ ਭੁਗਤਾਨ ਕੀਤਾ ਜਾਣਾ ਯਕੀਨੀ ਬਣਾਇਆ ਗਿਆ ਹੈ।

Facebook Comments

Trending