ਪੰਜਾਬੀ

ਬਿਜਲੀ ਦੇ ਕੱਟਾਂ ਤੋਂ ਦੁਖੀ ਉਦਯੋਗਪਤੀਆਂ ਵਲੋਂ ਚੀਫ ਇੰਜਨੀਅਰ ਨਾਲ ਕੀਤੀ ਮੁਲਾਕਾਤ

Published

on

ਲੁਧਿਆਣਾ  :  ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪ੍ਰਧਾਨ ਰਮੇਸ਼ ਕੱਕੜ ਦੀ ਅਗਵਾਈ ਵਿਚ ਪੀ.ਐਸ.ਪੀ.ਸੀ.ਐਲ. ਦੇ ਚੀਫ਼ ਇੰਜਨੀਅਰ ਜਸਪਾਲ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ। ਪ੍ਰਧਾਨ ਕੱਕੜ ਨੇ ਚੀਫ ਇੰਜਨੀਅਰ ਨੂੰ ਦੱਸਿਆ ਕਿ ਅਣ ਐਲਾਨੇ ਕੱਟਾਂ ਕਰਕੇ ਉਦਯੋਗਾਂ ਤੇ ਭਾਰੀ ਅਸਰ ਪੈ ਰਿਹਾ ਹੈ ਅਤੇ ਉਤਪਾਦਨ ਇਕਦਮ ਠੱਪ ਹੋ ਕੇ ਰਹਿ ਗਿਆ ਹੈ।

ਮਹਿੰਗੀ ਕੀਮਤ ਦੀਆਂ ਮਸ਼ੀਨਾਂ ਵਿਚ ਨੁਕਸ ਪੈ ਜਾਂਦਾ ਹੈ ਅਤੇ ਪੈਸੇ ਸਮੇਤ ਵਕਤ ਦੀ ਵੀ ਭਾਰੀ ਬਰਬਾਦੀ ਹੁੰਦੀ ਹੈ। ਇਕ ਦਮ ਲਾਈਟ ਜਾਣ ਨਾਲ ਢਲਾਈ ਕਰਨ ਵਾਲੀਆਂ ਫਰਨਸਾਂ ਜਾਮ ਹੋ ਜਾਂਦੀਆਂ ਹਨ ਅਤੇ ਲੱਖਾਂ ਰੁਪਏ ਇੱਕ ਮਿੰਟ ਵਿਚ ਬਰਬਾਦ ਹੋ ਜਾਂਦੇ ਹਨ।

ਚੀਫ਼ ਇੰਜਨੀਅਰ ਨੇ ਉਦਯੋਗਪਤੀਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਦੱਸਿਆ ਕਿ ਮੇਂਟੇਨੈਂਸ ਦਾ ਕੰਮ ਚੱਲਣ ਨਾਲ ਕਈ ਵਾਰੀ ਕੋਈ ਨਾ ਕੋਈ ਨੁਕਸ ਪੈ ਜਾਂਦਾ ਅਤੇ ਵਕਤ ਲੱਗ ਜਾਂਦਾ ਹੈ।

ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕੰਗਣਵਾਲ ਅਤੇ ਪਵਾਇਆ ਵਿਚ ਨਵੇਂ ਸਬ ਸਟੇਸ਼ਨ ਲੱਗਣ ਨਾਲ ਇਹ ਸਮੱਸਿਆ ਜਲਦੀ ਹੀ ਹੱਲ ਹੋ ਜਾਏਗੀ ਅਤੇ ਪੰਦਰਾਂ ਵੀਹ ਦਿਨਾਂ ਬਾਅਦ ਲਾਈਟ ਪੂਰੀ ਤਰ੍ਹਾਂ ਨਾਲ ਮਿਲ ਸਕੇਗੀ। ਚੀਫ ਇੰਜਨੀਅਰ ਵਲੋਂ ਦਿੱਤੇ ਗਏ ਭਰੋਸੇ ਨਾਲ ਉਦਯੋਗਪਤੀਆਂ ਨੇ ਤਸੱਲੀ ਪ੍ਰਗਟਾਈ ਅਤੇ ਧੰਨਵਾਦ ਕੀਤਾ।

 

Facebook Comments

Trending

Copyright © 2020 Ludhiana Live Media - All Rights Reserved.