Connect with us

ਵਿਸ਼ਵ ਖ਼ਬਰਾਂ

ਕੈਨੇਡਾ ‘ਚ ਇਤਿਹਾਸ ਦੀ ਸਭ ਤੋਂ ਵੱਡੀ ਚੋ.ਰੀ! ਸੈਂਕੜੇ ਕੈਮਰਿਆਂ ਅਤੇ ਪੁਲਿਸ ਸੁਰੱਖਿਆ ਵਿਚਕਾਰ 400 ਕਿਲੋ ਸੋਨਾ ਗਾਇਬ, ਫਿਲਮੀ ਅੰਦਾਜ਼ ‘ਚ ਕੀਤਾ ਅ/ਪਰਾਧ

Published

on

ਨਵੀਂ ਦਿੱਲੀ : ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਕੈਨੇਡੀਅਨ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਦੇਸ਼ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਲਈ ਕੁਝ ਭਾਰਤੀ ਨੌਜਵਾਨਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਕੈਨੇਡੀਅਨ ਪੁਲਿਸ ਨੇ ਇੱਕ 36 ਸਾਲਾ ਭਾਰਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਦਕਿ 5 ਹੋਰਾਂ ਦੀ ਭਾਲ ਜਾਰੀ ਹੈ। ਫਿਲਮੀ ਸਟਾਈਲ ‘ਚ ਹੋਈ ਇਸ ਚੋਰੀ ਨੂੰ ਟੋਰਾਂਟੋ ਏਅਰਪੋਰਟ ‘ਤੇ ਅੰਜਾਮ ਦਿੱਤਾ ਗਿਆ ਹੈ। ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਸਖ਼ਤ ਸੁਰੱਖਿਆ ਦਰਮਿਆਨ 400 ਕਿਲੋ ਸੋਨਾ ਅਤੇ 2.5 ਮਿਲੀਅਨ ਕੈਨੇਡੀਅਨ ਡਾਲਰ, ਜੋ ਕਿ ਲਗਭਗ 187 ਕਰੋੜ ਰੁਪਏ ਹਨ, ਚੋਰੀ ਹੋ ਗਏ ਹਨ।

ਕੈਨੇਡੀਅਨ ਪੁਲਿਸ ਮੁਤਾਬਕ ਚੋਰੀ ਦੀ ਇਹ ਘਟਨਾ 17 ਅਪ੍ਰੈਲ 2024 ਨੂੰ ਵਾਪਰੀ ਸੀ। 6,600 ਸ਼ੁੱਧ ਸੋਨੇ ਦੀਆਂ ਬਾਰਾਂ ਨਾਲ ਭਰਿਆ ਇੱਕ 400 ਕਿਲੋਗ੍ਰਾਮ ਦਾ ਕੰਟੇਨਰ, ਜਿਸ ਵਿੱਚ 2.5 ਮਿਲੀਅਨ ਕੈਨੇਡੀਅਨ ਡਾਲਰ ਵੀ ਸਨ, ਇੱਕ ਸੁਰੱਖਿਅਤ ਸਟੋਰੇਜ ਸਹੂਲਤ ਤੋਂ ਚੋਰੀ ਹੋ ਗਿਆ ਸੀ। ਇਸ ਸਾਰੀ ਘਟਨਾ ਨੂੰ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ ਹੈ। ਇਹ ਕੰਟੇਨਰ ਸਵਿਟਜ਼ਰਲੈਂਡ ਦੇ ਜ਼ਿਊਰਿਖ ਹਵਾਈ ਅੱਡੇ ਤੋਂ ਟੋਰਾਂਟੋ ਏਅਰਪੋਰਟ ਲਿਆਂਦਾ ਗਿਆ ਸੀ। ਕੰਟੇਨਰ ਨੂੰ ਕਾਰਗੋ ਤੋਂ ਉਤਾਰਿਆ ਗਿਆ ਅਤੇ ਕੈਮਰੇ ਅਤੇ ਸੁਰੱਖਿਆ ਕਰਮਚਾਰੀਆਂ ਨਾਲ ਲੈਸ ਸਟੋਰੇਜ ਵਿੱਚ ਜਮ੍ਹਾ ਕਰ ਦਿੱਤਾ ਗਿਆ। ਅਗਲੇ ਦਿਨ ਪੁਲਿਸ ਨੂੰ ਪਤਾ ਲੱਗਾ ਕਿ ਡੱਬਾ ਸਮੇਤ ਸੋਨਾ ਅਤੇ ਨਕਦੀ ਗਾਇਬ ਸੀ।

ਕੈਨੇਡੀਅਨ ਪੁਲਿਸ ਨੇ 6 ਮਈ ਨੂੰ ਭਾਰਤ ਤੋਂ ਟੋਰਾਂਟੋ ਏਅਰਪੋਰਟ ‘ਤੇ ਉਤਰੇ ਅਰਚਿਤ ਗਰੋਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ‘ਤੇ ਚੋਰੀ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਕੈਨੇਡੀਅਨ ਪੁਲਿਸ ਨੇ ਅਰਚਿਤ ਦੇ ਖਿਲਾਫ ਵਾਰੰਟ ਵੀ ਜਾਰੀ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਅਰਚਿਤ ਨੂੰ ਇਸ ਤੋਂ ਪਹਿਲਾਂ ਵੀ 5 ਹਜ਼ਾਰ ਕੈਨੇਡੀਅਨ ਡਾਲਰ ਦੀ ਚੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਸ ‘ਤੇ ਅਮਰੀਕਾ ‘ਚ ਵੀ ਚੋਰੀ ਦਾ ਦੋਸ਼ ਹੈ। ਗਰੋਵਰ ਨੂੰ ਓਨਟਾਰੀਓ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹੋਰ ਮੁਲਜ਼ਮਾਂ ਦੀ ਵੀ ਭਾਲ ਜਾਰੀ ਹੈ। ਇਸ ਵਿੱਚ ਅਮਦ ਚੌਧਰੀ, ਅਲੀ ਰਜ਼ਾ, ਪ੍ਰਸਾਦ ਪਰਮਾਲਿੰਗਮ ਨੂੰ ਪਿਛਲੇ ਮਹੀਨੇ ਪੁੱਛਗਿੱਛ ਲਈ ਫੜਿਆ ਗਿਆ ਸੀ, ਜਦਕਿ ਪਰਮਪਾਲ ਸਿੱਧੂ ਅਤੇ ਅਮਿਤ ਜਲੋਟਾ ਦੀ ਭਾਲ ਜਾਰੀ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਮਿਸੀਸਾਗਾ ਦੇ ਵਸਨੀਕ ਅਰਸਲਾਨ ਚੌਧਰੀ ਅਤੇ ਬਰੈਂਪਟਨ ਦੀ ਵਸਨੀਕ ਸਿਮਰਨ ਪ੍ਰੀਤ ਪਨੇਸਰ ਦਾ ਵੀ ਸਰਚ ਵਾਰੰਟ ਜਾਰੀ ਕੀਤਾ ਗਿਆ ਹੈ।
ਚੋਰੀ ਦੇ ਸਮੇਂ ਦੋਵੇਂ ਏਅਰ ਕੈਨੇਡਾ ਲਈ ਕੰਮ ਕਰ ਰਹੇ ਸਨ। ਏਅਰ ਕੈਨੇਡਾ ਦੇ ਦੋ ਸਾਬਕਾ ਮੁਲਾਜ਼ਮਾਂ ਨੇ ਵੀ ਮੰਨਿਆ ਹੈ ਕਿ ਉਨ੍ਹਾਂ ਨੇ ਚੋਰੀ ਵਿੱਚ ਮਦਦ ਕੀਤੀ ਸੀ। ਇਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਖ਼ਿਲਾਫ਼ ਵਾਰੰਟ ਜਾਰੀ ਕੀਤਾ ਗਿਆ ਹੈ।

ਪੁਲਸ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਘਟਨਾ ਤੋਂ ਬਾਅਦ ਤਲਾਸ਼ੀ ਦੌਰਾਨ ਇਕ ਦੋਸ਼ੀ ਦੇ ਘਰੋਂ 1 ਕਿਲੋਗ੍ਰਾਮ ਸੋਨਾ ਜਿਸ ਦੀ ਕੀਮਤ 89 ਹਜ਼ਾਰ ਕੈਨੇਡੀਅਨ ਡਾਲਰ ਬਣਦੀ ਹੈ, ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ 4.34 ਲੱਖ ਕੈਨੇਡੀਅਨ ਡਾਲਰ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਸਾਰੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਖਿਲਾਫ ਵਾਰੰਟ ਜਾਰੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Facebook Comments

Trending