ਲੁਧਿਆਣਾ : ਲੁਧਿਆਣਾ ਵਿੱਚ ਬੁੱਧਵਾਰ ਦੁਪਹਿਰ ਬਾਅਦ ਆਏ ਤੇਜ਼ ਮੀਂਹ ਨੇ ਜਿੱਥੇ ਹਰ ਪਾਸੇ ਜਲ-ਥਲ ਕਰ ਦਿੱਤਾ ਉੱਥੇ ਹੀ ਤੇਜ਼ ਹਨੇਰੀ ਨੇ ਕਈ ਥਾਵਾਂ ’ਤੇ ਨੁਕਸਾਨ ਵੀ ਕੀਤਾ ਬੁੱਧਵਾਰ ਸਵੇਰ ਸਮੇਂ ਤਿੱਖੀ ਧੁੱਪ ਨਿਕਲੀ ਜੋ ਦੁਪਹਿਰ ਇੱਕ-ਡੇਢ ਵਜੇ ਤੱਕ ਰਹੀ। ਕਰੀਬ ਦੋ ਕੁ ਵਜੇ ਹਲਕੀ ਬੱਦਲਵਾਈ ਤੋਂ ਬਾਅਦ ਹਲਕਾ ਮੀਂਹ ਪਿਆ। ਇਸ ਤੋਂ ਬਾਅਦ ਸ਼ਾਮ ਪੰਜ ਕੁ ਵਜੇ ਦੁਬਾਰਾ ਅਕਾਸ਼ ਵਿੱਚ ਸੰਘਣੀ ਬੱਦਲਵਾਈ ਹੋਈ ਅਤੇ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ।
ਮੀਂਹ ਇੰਨਾ ਤੇਜ਼ ਸੀ ਕਿ ਕਰੀਬ ਅੱਧੇ ਘੰਟੇ ’ਚ ਹੀ ਹਰ ਪਾਸੇ ਜਲਥਲ ਹੋ ਗਿਆ। ਇਸ ਦੌਰਾਨ ਚੱਲੀ ਤੇਜ਼ ਹਨੇਰੀ ਕਾਰਨ ਵੀ ਲੋਕਾਂ ਨੂੰ ਆਪੋ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਮੀਂਹ ਭਾਵੇਂ ਅੱਧਾ ਘੰਟਾ ਪਿਆ ਪਰ ਇਸ ਤੋਂ ਬਾਅਦ ਬਿਜਲੀ ਕਈ ਘੰਟੇ ਬੰਦ ਰਹੀ। ਇਸ ਮੀਂਹ ਕਾਰਨ ਜਿਹੜਾ ਤਾਪਮਾਨ ਦੋ ਦਿਨ ਪਹਿਲਾਂ 40 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਗਿਆ ਸੀ ਘੱਟ ਕੇ ਕਰੀਬ 36 ਡਿਗਰੀ ਸੈਲਸੀਅਸ ਤੱਕ ਰਹਿ ਗਿਆ।