ਪੰਜਾਬੀ

ਸਮਰਾਲਾ ‘ਚ ਦਾਦਾ-ਪੋਤਾ ਇਕ-ਦੂਜੇ ਖ਼ਿਲਾਫ਼ ਲੜਨਗੇ ਸਿਆਸੀ ਜੰਗ

Published

on

ਮਾਛੀਵਾੜਾ (ਲੁਧਿਆਣਾ )  :  ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕੱਟਣ ਤੋਂ ਬਾਅਦ ਉਨ੍ਹਾਂ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਪਰ ਦੂਜੇ ਪਾਸੇ ਉਨ੍ਹਾਂ ਦੇ ਸਕੇ ਭਰਾ ਦਾ ਪੋਤਰਾ ਪਰਮਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਟਿਕਟ ਲੈ ਕੇ ਮੈਦਾਨ ਵਿਚ ਨਿੱਤਰ ਆਇਆ ਹੈ। ਹੁਣ ਦਾਦਾ-ਪੋਤਾ ਇੱਕ-ਦੂਜੇ ਨੂੰ ਹਰਾਉਣ ਵਿਚ ਜੁੱਟੇ ਹੋਏ ਹਨ।

ਵਿਧਾਇਕ ਅਮਰੀਕ ਸਿੰਘ ਢਿੱਲੋਂ 4 ਵਾਰ ਹਲਕਾ ਸਮਰਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਵਿਧਾਇਕ ਅਮਰੀਕ ਸਿੰਘ ਢਿੱਲੋਂ ਆਪਣੇ ਪੋਤੇ ਪਰਮਜੀਤ ਸਿੰਘ ਢਿੱਲੋਂ ਨੂੰ ਉਂਗਲ ਫੜ੍ਹ ਕੇ ਸਿਆਸਤ ਵਿਚ ਲਿਆਏ ਅਤੇ ਹਲਕਾ ਸਮਰਾਲਾ ਤੋਂ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ। ਸਿਆਸਤ ’ਚ ਆਉਣ ਤੋਂ ਬਾਅਦ ਪੋਤੇ ਪਰਮਜੀਤ ਸਿੰਘ ਢਿੱਲੋਂ ਨੇ ਆਪਣੇ ਦਾਦੇ ਤੋਂ ਵੱਖਰੀ ਪਛਾਣ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਵਿਧਾਇਕ ਅਮਰੀਕ ਸਿੰਘ ਢਿੱਲੋਂ ਆਪਣੇ ਸਕੇ ਪੋਤੇ ਕਰਨਵੀਰ ਸਿੰਘ ਢਿੱਲੋਂ ਨੂੰ ਸਿਆਸਤ ਵਿਚ ਲਿਆ ਕੇ ਆਪਣਾ ਸਿਆਸੀ ਵਾਰਿਸ ਬਣਾਉਣਾ ਚਾਹੁੰਦੇ ਸਨ, ਜਦੋਂ ਕਿ ਸਕੇ ਭਰਾ ਦੇ ਪੋਤੇ ਪਰਮਜੀਤ ਸਿੰਘ ਢਿੱਲੋਂ ਨੇ ਕਾਂਗਰਸ ਤੋਂ ਕਿਨਾਰਾ ਕਰ ਆਪਣੇ ਦਾਦੇ ਖ਼ਿਲਾਫ਼ ਕੁੱਝ ਸਾਲ ਪਹਿਲਾਂ ਹੀ ਮੋਰਚਾ ਖੋਲ੍ਹ ਦਿੱਤਾ ਅਤੇ ਸਮਰਾਲਾ ਨਗਰ ਕੌਂਸਲ ਚੋਣਾਂ ਵਿਚ ਆਜ਼ਾਦ ਉਮੀਦਵਾਰ ਖੜ੍ਹੇ ਕਰ 5 ਕੌਂਸਲਰ ਜਿਤਾਏ।

ਹਾਲਾਤ ਅਜਿਹੇ ਬਣੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੋਤਾ ਪਰਮਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨ ਦਿੱਤਾ ਗਿਆ, ਜਦੋਂ ਕਿ ਵਿਧਾਇਕ ਢਿੱਲੋਂ ਦੀ ਟਿਕਟ ਕੱਟਣ ਕਾਰਨ ਉਨ੍ਹਾਂ ਨੂੰ ਆਜ਼ਾਦ ਤੌਰ ’ਤੇ ਚੋਣ ਲੜਨੀ ਪੈ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਾਦਾ-ਪੋਤਾ ਆਪਸ ਵਿਚ ਸਿਆਸੀ ਦੁਸ਼ਮਣ ਬਣ ਗਏ ।

Facebook Comments

Trending

Copyright © 2020 Ludhiana Live Media - All Rights Reserved.