ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ 5 ਨਗਰ ਸੁਧਾਰ ਟਰੱਸਟ ਅਤੇ 66 ਮਾਰਕਿਟ ਕਮੇਟੀਆਂ ਦੇ ਚੇਅਰਮੈਨ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਲੁਧਿਆਣਾ ਲੋਕ ਸਭਾ ਹਲਕੇ ਦੇ ਦਾਖੇ ਤੋਂ ਹਰਨੇਕ ਸਿੰਘ ਸੇਖੋਂ ਅਤੇ ਸਿੱਧਵਾਂ ਬੇਟ ਤੋਂ ਬਲੌਰ ਸਿੰਘ ਮੁੱਲਾਂਪੁਰ ਨੂੰ ਲਗਾਇਆ ਗਿਆ ਹੈ।
ਇਨ੍ਹਾਂ ਨਿਯੁਕਤੀਆਂ ਬਾਰੇ ਦੱਸਦੇ ਹੋਏ ਪੰਜਾਬ ਮਾਰਕਫੈਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਅਤੇ ਯੋਜਨਾ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਪਾਰਟੀ ਨਾਲ ਜੁੜੇ ਹੋਏ ਹਰ ਆਮ ਵਲੰਟੀਅਰ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਦੇ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਅਤੇ ਹਰ ਸਮੇਂ ਪਾਰਟੀ ਨਾਲ ਖੜਣ ਵਾਲੇ ਸਾਥੀ ਹਰਨੇਕ ਸਿੰਘ ਸੇਖੋਂ ਅਤੇ ਬਲੌਰ ਸਿੰਘ ਮੁੱਲਾਂਪੁਰ ਨੂੰ ਅਹਿਮ ਜਿੰਮੇਵਾਰੀ ਦਿੱਤੀ ਹੈ।
ਅਮਨਦੀਪ ਮੋਹੀ ਨੇ ਕਿਹਾ ਕਿ ਜਿਸ ਤਰਾਂ ਪਹਿਲਾ ਮਿਹਨਤ ਕਰਕੇ ਇਹਨਾਂ ਨੇ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ ਉਸੇ ਤਰਾਂ ਹੀ ਇਹ ਨਵੀ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਮੁੱਖ ਮੰਤਰੀ ਮਾਨ ਦੇ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨਗੇ। ਇਸ ਦੌਰਾਨ ਸ਼ਰਨਪਾਲ ਸਿੰਘ ਮੱਕੜ ਨੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ
ਹਰ ਇੱਕ ਵਲੰਟੀਅਰ ਸਾਥੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।