ਜਗਰਾਓਂ (ਲੁਧਿਆਣਾ ) : ਐੱਨਆਰਆਈ ਦੇ ਖਾਤੇ ‘ਚੋਂ ਬੈਂਕ ਦੇ ਹੀ ਚਾਰ ਅਧਿਕਾਰੀਆਂ ਨੇ ਮਿਲ ਕੇ 14 ਲੱਖ 20 ਹਜ਼ਾਰ ਰੁਪਏ ਹੜੱਪ ਲਏ। ਇਸ ਮਾਮਲੇ ਦੀ ਜਾਂਚ ਉਪਰੰਤ ਜਗਰਾਓਂ ਪੁਲਿਸ ਨੇ ਆਈਸੀਆਈਸੀਆਈ ਬੈਂਕ ਦੇ ਚਾਰ ਅਧਿਕਾਰੀਆਂ ਦੇ ਖ਼ਿਲਾਫ਼ ਠੱਗੀ ਦਾ ਮੁਕੱਦਮਾ ਦਰਜ ਕਰ ਲਿਆ ਗਿਆ ।
ਜਗਰਾਓਂ ਥਾਣਾ ਸਿਟੀ ਵਿਖੇ ਦਰਜ ਐੱਫਆਈਆਰ ਨੰਬਰ 233 ਅਨੁਸਾਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਾਸੀ ਰਮਨੀਕ ਤੂਰ ਪੁੱਤਰ ਨਛੱਤਰ ਸਿੰਘ ਦਾ ਜਗਰਾਓਂ ਦੀ ਆਈਸੀਆਈਸੀਆਈ ਬੈਂਕ ਵਿਚ ਖਾਤਾ ਹੈ, ਜਿਸ ਵਿਚ ਲੱਖਾਂ ਰੁਪਏ ਪਏ ਹਨ। ਜੂਨ ਮਹੀਨੇ ਵਿਚ ਐੱਨਆਰਆਈ ਰਮਨੀਕ ਨੂੰ ਪਤਾ ਲੱਗਾ ਕਿ ਉਸ ਦੇ ਉਕਤ ਬੈਂਕ ਖਾਤੇ ‘ਚੋਂ 3 ਵਾਰ ਚੈੱਕਾਂ ਰਾਹੀਂ 14 ਲੱਖ 20 ਹਜ਼ਾਰ ਰੁਪਏ ਨਿਕਲੇ ਹਨ। ਇਸ ‘ਤੇ ਉਸ ਨੇ ਤੁਰੰਤ ਐਕਸ਼ਨ ਲੈਂਦਿਆਂ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਪੁੱਤਰ ਰਾਮ ਸਰੂਪ ਵਾਸੀ ਕੋਠੇ ਸ਼ੇਰਜੰਗ ਰੋਡ ਜਗਰਾਓਂ ਨੂੰ ਸੂਚਿਤ ਕੀਤਾ।
ਮਹਿੰਦਰ ਸਿੰਘ ਨੇ ਜਦੋਂ ਇਸ ਮਾਮਲੇ ‘ਚ ਪਤਾ ਕਰਵਾਇਆ ਤਾਂ ਸਾਹਮਣੇ ਆਇਆ ਕਿ ਬੈਂਕ ਦੇ ਸਟਾਫ ਨੇ ਹੀ ਖਾਤੇ ਵਿਚੋਂ ਰੁਪਏ ਕਢਵਾਏ ਹਨ। ਜਦੋਂ ਉਨਾਂ ਵੱਲੋਂ ਬੈਂਕ ਨੂੰ ਸ਼ਿਕਾਇਤ ਕੀਤੀ ਤਾਂ ਜਾਂਚ ਵਿਚ ਬੈਂਕ ਨੇ ਵੀ ਚਾਰਾਂ ਅਧਿਕਾਰੀਆਂ ਖਿਲਾਫ ਕਾਰਵਾਈ ਕਰਦਿਆਂ ਉਨਾਂ ਦੀ ਛੁੱਟੀ ਕਰ ਦਿੱਤੀ।
ਇਸ ਤੋਂ ਬਾਅਦ ਮਹਿੰਦਰ ਸਿੰਘ ਦੀ ਸ਼ਿਕਾਇਤ ‘ਤੇ ਜਗਰਾਓਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਉਸ ਸਮੇਂ ਬੈਂਕ ਦੇ ਡਿਪਟੀ ਬਰਾਂਚ ਮੈਨੇਜਰ ਅਭਿਸ਼ੇਕ ਵਾਲੀਆ ਪੁੱਤਰ ਰਮਨੀਕ ਵਾਲੀਆ ਵਾਸੀ ਰਾਏਕੋਟ, ਕਲਰਕ ਦੀਪਕ ਭੱਟ ਪੁੱਤਰ ਅਮਲਾ ਨੰਦ ਵਾਸੀ ਦੇਹਰਾਦੂਨ, ਕੈਸ਼ੀਅਰ ਅੰਕਿਤਾ ਪੁੱਤਰੀ ਅਸ਼ਵਨੀ ਕੁਮਾਰ ਵਾਸੀ ਜਲੰਧਰ ਅਤੇ ਆਈਸੀਆਈਸੀਆਈ ਪੋ੍ਫੈਸ਼ਨਲ ਲਾਈਫ ਇੰਸ਼ੋਰੈਂਸ ਦੀ ਮੁਲਾਜ਼ਮ ਪਵਨਦੀਪ ਕੌਰ ਪੁੱਤਰੀ ਮਨੋਹਰ ਸਿੰਘ ਵਾਸੀ ਲੁਧਿਆਣਾ ਨੇ ਪੂਰੇ ਯੋਜਨਾਬੱਧ ਢੰਗ ਨਾਲ ਪਹਿਲਾਂ ਐੱਨਆਰਆਈ ਰਮਨੀਕ ਦੇ ਜਾਅਲੀ ਦਸਤਖ਼ਤ ਕਰਕੇ ਚੈੱਕਬੁੱਕ ਜਾਰੀ ਕਰਵਾਈ ਤੇ ਫਿਰ 3 ਵੱਖ ਵੱਖ ਚੈਕਾ ਰਾਹੀਂ ਕੁੱਲ 14 ਲੱਖ 20 ਹਜ਼ਾਰ ਰੁਪਏ ਬੈਂਕ ਖਾਤੇ ਵਿੱਚੋਂ ਕਢਵਾ ਲਏ। ਇਸ ਮਾਮਲੇ ਵਿਚ ਜਗਰਾਓਂ ਦੇ ਐੱਸਪੀ ਹਰਿੰਦਰਪਾਲ ਸਿੰਘ ਪਰਮਾਰ ਵੱਲੋਂ ਜਾਂਚ ਕਰਨ ਉਪਰੰਤ ਥਾਣਾ ਸਿਟੀ ਜਗਰਾਓਂ ਵਿਖੇ ਉਕਤ ਚਾਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।