ਲੁਧਿਆਣਾ : ਲੁਧਿਆਣਾ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਆਪਣੇ ਚੰਗੇ ਭਵਿੱਖ ਲਈ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਹੇ ਸਨ ਪਰ ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਉਹ ਕੁਰਾਹੇ ਪੈ ਗਏ। ਮੁਲਜ਼ਮ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਸ਼ਹਿਰ ਚ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ।
ਚਾਰਾਂ ਮੁਲਜ਼ਮਾਂ ਨੇ ਮੈਟਰੋ ਰੋਡ ਤੇ ਪੈਂਦੇ ਵਿਸ਼ਵਨਾਥ ਮੰਦਰ ਦੇ ਲਾਗੇ ਇਕ ਔਰਤ ਦਾ ਪਰਸ ਝਪਟਿਆ । ਇਸ ਵਾਰਦਾਤ ਦੇ ਦੌਰਾਨ ਇੱਕ ਮੁਲਜ਼ਮ ਤਾਂ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਉਂਕਾਰ ਸ਼ਰਮਾ, ਰਾਜੇਸ਼ ਸ਼ਰਮਾ ਅਤੇ ਉਨ੍ਹਾਂ ਦੇ ਸਾਥੀ ਵਿਨੋਦ ਕੁਮਾਰ ਨੂੰ ਲੋਕਾਂ ਨੇ ਕਾਬੂ ਕਰ ਲਿਆ।
ਇਸ ਮਾਮਲੇ ਵਿੱਚ ਪੁਲਿਸ ਨੇ ਜਨਤਾ ਨਗਰ ਦੇ ਵਾਸੀ ਓਂਕਾਰ ਸ਼ਰਮਾ, ਸ਼ਿਮਲਾ ਪੁਰੀ ਦੇ ਰਹਿਣ ਵਾਲੇ ਰੱਜਤ ਸ਼ਰਮਾ ਅਤੇ ਐੱਲਆਈਜੀ ਫਲੈਟ ਦੇ ਵਾਸੀ ਵਿਨੋਦ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਮੁਲਜ਼ਮਾਂ ਦੇ ਤੀਸਰੇ ਸਾਥੀ ਨੰਨ੍ਹੀ ਦੀ ਤਲਾਸ਼ ਕਰ ਰਹੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ ਐੱਸ ਆਈ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐੱਫ ਆਈ ਆਰ ਦਰਜ ਕਰ ਕੇ ਉਨ੍ਹਾਂ ਕੋਲੋਂ ਵਧੇਰੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ।