ਤੁਹਾਨੂੰ ਦੱਸ ਦਿੰਦੇ ਹਾਂ ਕਿ 2017 ਦੀਆਂ ਚੋਣਾਂ ’ਚ ਆਪ ਨੇ ਪਹਿਲੀ ਵਾਰ ਚੋਣ ਲੜਦਿਆਂ 20 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਦਰਜਾ ਹਾਸਲ ਕੀਤਾ ਸੀ। ਸਭ ਤੋਂ ਪਹਿਲਾਂ ਵਿਧਾਇਕ ਦਲ ਦੇ ਆਗੂ ਐੱਚਐੱਸ ਫੂਲਕਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋ ਅਸਤੀਫ਼ਾ ਦਿੱਤਾ। ਜ਼ਿਮਨੀ ਚੋਣ ’ਚ ਆਪ ਬੁਰੀ ਤਰ੍ਹਾਂ ਹਾਰ ਗਈ। ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ। ਅਰਵਿੰਦ ਕੇਜੀਰਵਾਲ ਨਾਲ ਅਣਬਣ ਹੋਣ ਕਾਰਨ ਖਹਿਰਾ ਨੇ ਬਗ਼ਾਵਤ ਕਰ ਦਿੱਤੀ ਤਾਂ ਪਾਰਟੀ ਦੇ ਅੱਧਾ ਦਰਜਨ ਦੇ ਕਰੀਬ ਵਿਧਾਇਕ ਖਹਿਰਾ ਧੜ੍ਹੇ ਨਾਲ ਖੜ੍ਹੇ ਹੋ ਗਏ।

ਉੱਥੇ ਹੀ ਭਾਵੇਂ ਖਹਿਰਾ ਧੜ੍ਹੇ ਨੇ ਬਗ਼ਾਵਤ ਕਰ ਦਿੱਤੀ ਸੀ ਪਰ ਤਕਨੀਤੀ ਤੇ ਕਾਨੂੰਨੀ ਤੌਰ ’ਤੇ ਸਦਨ ਵਿਚ ਉਨ੍ਹਾਂ ਦੀ ਗਿਣਤੀ ਆਪ ਵਿਧਾਇਕ ਵਜੋਂ ਹੁੰਦੀ ਰਹੀ ਹੈ। ਰੂਬੀ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ, ਜਗਦੇਵ ਸਿੰਘ ਕਮਾਲੂ, ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ’ਚ ਸ਼ਾਮਲ ਹੋ ਚੁੱਕੇ ਹਨ। ਲੋਕ ਸਭਾ ਚੋਣਾਂ ਦੌਰਾਨ ਅਮਰਜੀਤ ਸਿੰਘ ਸੰਦੋਆ ਵੀ ਕਾਂਗਰਸ ’ਚ ਸ਼ਾਮਲ ਹੋ ਗਏ ਸਨ, ਪਰ ਕੁਝ ਮਹੀਨਿਆਂ ਬਾਅਦ ਉਨ੍ਹਾਂ ਘਰ ਵਾਪਸੀ ਕਰ ਲਈ ਸੀ।