ਪੰਜਾਬੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਗੁਰਮਤਿ ਸਮਾਗਮ 

Published

on

ਲੁਧਿਆਣਾ :  ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਵਿਸ਼ੇਸ਼ ਤੌਰ ‘ਤੇ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਸਹਿਜ ਪਾਠ ਦੇ ਭੋਗ, ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਉਪਰੰਤ ਜੀ.ਐਚ.ਜੀ. ਗੁਰੂਸਰ ਸੁਧਾਰ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਤੋਂ ਡਾ. ਬਲਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।

ਇਸ ਮੌਕੇ ਉਪਰ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪ੍ਰਧਾਨ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਾਡਾ ਸਭਨਾਂ ਦਾ ਅਕਾਦਮਿਕ ਅਤੇ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਵਿਦਿਆਰਥੀ ਵਰਗ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਸ਼ਵ ਵਿਆਪੀ ਸਰੋਕਾਰਾਂ ਤੋਂ ਜਾਣੂ ਕਰਵਾਈਏ ਤਾਂ ਜੋ ਉਹ ਮਨੁੱਖੀ ਏਕਤਾ, ਸਰਵ ਸਾਂਝੀਵਾਲਤਾ, ਪਰਸਪਰ ਸਹਿਯੋਗ ਅਤੇ ਸਮਾਨਤਾ ਦੇ ਸੰਕਲਪਾਂ ਨੂੰ ਆਪਣੀ ਜੀਵਨ ਸ਼ੈਲੀ ਦਾ ਅਨਿਖੜਵਾਂ ਅੰਗ ਬਣਾਉਣ.

ਇਸ ਮੌਕੇ ਤੇ ਪ੍ਰਿੰਸੀਪਲ ਅਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਤੋਂ 552 ਸਾਲ ਪਹਿਲਾਂ ਸ਼੍ਰੀ ਗੁਰੂ  ਨਾਨਕ ਦੇਵ ਜੀ ਨੇ ਸਾਨੂੰ ਇਕ ਅਜਿਹੇ ਆਦਰਸ਼ ਸਮਾਜ ਅਤੇ ਆਦਰਸ਼ ਰਾਜ ਦਾ ਅਜਿਹਾ ਸੰਕਲਪ ਦਿੱਤਾ ਜੋ ਕਿ ਸੁਤੰਤਰਤਾ, ਸਮਾਨਤਾ, ਭ੍ਰਾਤਰੀ ਭਾਵ, ਧਰਮ ਨਿਰਪੱਖਤਾ ਅਤੇ ਮਨੁੱਖੀ ਏਕਤਾ ਦੇ ਸਿਧਾਂਤਾਂ ਉਪਰ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਤਾਂ ਅਸੀਂ ਆਦਰਸ਼ ਤੇ ਲੋਕ ਹਿਤਕਾਰੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸੰਸਥਾਵਾਂ ਸਥਾਪਿਤ ਕਰਨ ਵਿਚ ਸਫ਼ਲ ਹੋ ਸਕਦੇ ਹਾਂ।

ਪ੍ਰੋਗਰਾਮ ਦੇ ਅੰਤ ਵਿਚ ਡਾਇਰੈਕਟਰ ਪ੍ਰੋ। ਮਨਜੀਤ ਸਿੰਘ ਛਾਬੜਾ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਸੰਪੂਰਣ ਵਚਨਬੱਧਤਾ ਨਾਲ ਨਿਰੰਤਰ ਯਤਨਸ਼ੀਲ ਹਨ। ਇਸ ਸਮਾਗਮ ਦੌਰਾਨ ਸਹਿਜ ਪਾਠ ਦੇ ਭੋਗ, ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਰਣਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰਸ-ਭਿੰਨਾ ਕੀਰਤਨ ਕੀਤਾ ਗਿਆ ।

Facebook Comments

Trending

Copyright © 2020 Ludhiana Live Media - All Rights Reserved.