ਅਪਰਾਧ

ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਗਿ੍ਫਤਾਰ

Published

on

ਲੁਧਿਆਣਾ : ਲੁਧਿਆਣਾ ਦੀ ਕ੍ਰਾਈਮ ਬਰਾਂਚ 1 ਦੀ ਟੀਮ ਨੇ ਇੱਕ ਅਜਿਹੇ 5 ਮੈਂਬਰੀ ਗਿਰੋਹ ਨੂੰ ਗਿ੍ਫਤਾਰ ਕੀਤਾ ਹੈ ਜੋ ਪਿਸਤੌਲਾਂ ਦੀ ਨੋਕ ਉੱਪਰ ਕਾਰੋਬਾਰੀਆਂ ਅਤੇ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪੁਲਿਸ ਦੇ ਮੁਤਾਬਕ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜੀਤ ਨਗਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਉਰਫ ਗੋਲਡੀ, ਪਿੰਡ ਖਵਾਜਕੇ ਦੇ ਰਹਿਣ ਵਾਲੇ ਅਮਨਦੀਪ ਉਰਫ਼ ਗਗਨਾ, ਦਵਿੰਦਰ ਸਿੰਘ ਉਰਫ ਬਿੱਲਾ ਅਤੇ ਪਿੰਡ ਬਲੀਪੁਰ ਕਲਾਂ ਹੰਬੜਾਂ ਦੇ ਵਾਸੀ ਬਲਕਾਰ ਸਿੰਘ ਉਰਫ ਜੱਸਾ ਵਜੋਂ ਹੋਈ ਹੈ।

ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਮੁਲਜ਼ਮ ਨੂੰ ਵੀ ਹਨੂਮਾਨਗੜ੍ਹ ਤੋਂ ਹਿਰਾਸਤ ਵਿੱਚ ਲੈ ਲਿਆ ਹੈ ਜੋ ਇਨਾਂ ਨੂੰ ਨਾਜਾਇਜ਼ ਹਥਿਆਰ ਸਪਲਾਈ ਕਰਦਾ ਸੀ । ਜਾਣਕਾਰੀ ਦਿੰਦਿਆਂ ਡੀਸੀਪੀ ਕ੍ਰਾਈਮ ਵਰਿੰਦਰ ਬਰਾੜ ਨੇ ਦੱਸਿਆ ਕੇ ਗਿ੍ਫ਼ਤਾਰ ਕੀਤੇ ਗਏ ਚਾਰਾਂ ਮੁਲਜ਼ਮਾਂ ਨੇ 25 ਜਨਵਰੀ ਨੂੰ ਸ਼ਾਮ ਪੌਣੇ ਪੰਜ ਵਜੇ ਦੇ ਕਰੀਬ ਵਰਨਾ ਕਾਰ ਉਪਰ ਜਾਅਲੀ ਨੰਬਰ ਲਗਾ ਕੇ ਪਿੰਡ ਬੀਰਮੀ ਹੰਬੜਾਂ ਰੋਡ ਤੇ ਇਕ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ ਸੀ। ਮੁਲਜ਼ਮਾਂ ਨੇ ਠੇਕੇ ਚੋਂ ਕੀਮਤੀ ਸ਼ਰਾਬ ਅਤੇ ਨਕਦੀ ਲੁੱਟ ਲਈ ਸੀ।

ਇਸੇ ਤਰਾਂ ਇਸ ਗਿਰੋਹ ਨੇ 25 ਜਨਵਰੀ ਨੂੰ ਹੀ ਮੇਹਰਬਾਨ ਇਲਾਕੇ ਵਿੱਚ ਪੈਂਦੇ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਗੋਲੀ ਮਾਰ ਦੇਣ ਦਾ ਡਰ ਦਿਖਾ ਕੇ 70 ਹਜ਼ਾਰ ਰੁਪਏ ਦੀ ਨਗਦੀ ਅਤੇ ਦੋ ਮੋਬਾਇਲ ਫੋਨ ਲੁੱਟੇ ਸਨ। 6 ਫਰਵਰੀ ਨੂੰ ਮੁਲਜ਼ਮਾਂ ਨੇ ਦੋਆਬਾ ਭੈਣੀ ਕੁਹਾੜਾ ਰੋਡ ਤੇ ਪੈਂਦੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਨਗਦੀ ਅਤੇ ਕੀਮਤੀ ਸ਼ਰਾਬ ਲੁੱਟੀ ਸੀ ।

ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਵਿਰੁੱਧ ਐਫਆਈਆਰ ਦਰਜ ਕਰ ਕਿ ਉਨਾਂ ਨੂੰ ਨਾਕਾਬੰਦੀ ਦੇ ਦੌਰਾਨ ਗਿ੍ਫਤਾਰ ਕੀਤਾ । ਕ੍ਰਾਈਮ ਬ੍ਾਂਚ ਦੀ ਟੀਮ ਨੇ ਗਿਰੋਹ ਦੇ ਕਬਜ਼ੇ ‘ਚੋਂ 32 ਬੋਰ ਦੀ ਪਿਸਤੌਲ, 315 ਬੋਰ ਦੀ ਪਿਸਤੌਲ ਅਤੇ 9 ਜ਼ਿੰਦਾ ਕਾਰਤੂਸ ਬਰਾਮਦ ਕੀਤੇ । ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਵਾਰਦਾਤਾਂ ਵਿਚ ਵਰਤੀ ਗਈ ਵਰਨਾ ਕਾਰ ਅਤੇ ਇਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.