ਅਪਰਾਧ

ਲੁਧਿਆਣਾ ਦੀ ਫੋਕਲ ਪੁਆਇੰਟ ਡਾਇੰਗ ਇੰਡਸਟਰੀ ਨੂੰ PPCB ਨੇ ਠੋਕਿਆ 75 ਲੱਖ ਦਾ ਜੁਰਮਾਨਾ

Published

on

ਲੁਧਿਆਣਾ : ਬੁੱਢਾ ਦਰਿਆ ਵਿਚ ਗੰਦਗੀ ਫੈਲਾਉਣ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਲੁਧਿਆਣਾ ਫੋਕਲ ਪੁਆਇੰਟ ਦੀ ਡਾਇੰਗ ਇੰਡਸਟਰੀ ਨੂੰ 75 ਲੱਖ ਰੁਪਏ ਜੁਰਮਾਨਾ ਠੋਕਿਆ ਹੈ। ਇੰਡਸਟਰੀ ’ਤੇ ਦੋਸ਼ ਹੈ ਕਿ ਡਾਇੰਗ ਇੰਡਸਟਰੀ ਲਗਾਤਾਰ ਵਾਤਾਵਰਣ ਦੇ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ। ਇਸ ਦੇ ਤਹਿਤ ਹੁਣ 40 ਐੱਮ ਐੱਲ ਡੀ. ਦੇ ਸੀਈਟੀਪੀ. ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਿੰਦੇ ਲਾ ਦਿੱਤੇ ਹਨ ਕਿਉਂਕਿ ਬਿਨਾਂ ਟ੍ਰੀਟ ਕੀਤੇ ਪਾਣੀ ਸਿੱਧਾ ਬੁੱਢੇ ਨਾਲੇ ਵਿਚ ਪਾਇਆ ਜਾ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਕਈ ਵਾਰ ਇੰਡਸਟਰੀ ਨੂੰ ਬਿਨਾਂ ਟ੍ਰੀਟ ਕੀਤੇ ਹੀ ਪਾਣੀ ਗੰਦੇ ਨਾਲੇ ਵਿਚ ਸੁੱਟਦੇ ਫੜਿਆ ਵੀ ਜਾ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਹਾਲ ਹੀ ਵਿਚ ਵਿਧਾਨ ਸਭਾ ਕਮੇਟੀ ਨੇ ਵੀ ਬੁੱਢੇ ਨਾਲੇ ਦਾ ਦੌਰਾ ਕਰਨ ਤੋਂ ਬਾਅਦ ਸੀਈਟੀਪੀ.ਦੀ ਚੈਕਿੰਗ ਕੀਤੀ ਸੀ। ਇਸ ਦੌਰਾਨ ਵੀ ਇਨ੍ਹਾਂ ਨੂੰ ਰੰਗੇ ਹੱਥੀਂ ਬੁੱਢੇ ਨਾਲੇ ਵਿਚ ਗੰਦਗੀ ਸੁੱਟਦੇ ਫੜਿਆ ਗਿਆ ਸੀ। ਇਨ੍ਹਾਂ ’ਤੇ 75 ਲੱਖ ਰੁਪਏ ਦੀ ਐਨਵਾਇਰਨਮੈਂਟ ਕੰਪਨਸੇਸ਼ਨ ਅਤੇ ਇਕ ਕਰੋੜ ਰੁਪਏ ਦੀ ਬੈਂਕ ਗਾਰੰਟੀ ਲਗਾਈ ਗਈ ਹੈ।

ਅਣਮਿੱਥੇ ਸਮੇਂ ਲਈ ਉਨ੍ਹਾਂ ਦੀਆਂ ਫੈਕਟਰੀਆਂ ਨੂੰ ਜਿੰਦੇ ਲਾ ਦਿੱਤੇ ਗਏ ਹਨ। ਜਦੋਂ ਤੱਕ ਪਲਾਂਟ ਸਹੀ ਨਹੀਂ ਹੋ ਜਾਂਦਾ, ਉਦੋਂ ਤੱਕ ਫੈਕਟਰੀਆਂ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਾਰੇ 75 ਯੂਨਿਟਾਂ ਦੇ ਬੁਆਇਲਰ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਤੱਕ ਵਿਭਾਗ ਦੀ ਮਿਲੀਭੁਗਤ ਦੇ ਨਾਲ ਹੀ ਬਿਨਾਂ ਟ੍ਰੀਟ ਕੀਤਾ ਪਾਣੀ ਬੁੱਢੇ ਨਾਲੇ ’ਚ ਸੁੱਟਿਆ ਜਾ ਰਿਹਾ ਸੀ।

ਪੀਪੀਸੀਬੀ.ਨੇ ਗਾਈਡਲਾਈਨਜ਼ ਦੀ ਉਲੰਘਣਾ ਕੀਤੇ ਜਾਣ ’ਤੇ ਇੱਟ ਭੱਠੇ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਹਨ। ਪੀਪੀਸੀਬੀ.ਨੇ ਐਤਵਾਰ ਨੂੰ ਰਾਏਕੋਟ ਸਥਿਤ ਮੈਸਰਜ਼ ਸੁਖਮਿੰਦਰਾ ਗ੍ਰਾਮ ਉਦਯੋਗ ਦਾ ਨਿਰੀਖਣ ਕੀਤਾ ਸੀ। ਜਿਥੇ ਭਾਰੀ ਮਾਤਰਾ ਵਿਚ ਪਲਾਸਟਿਕ ਵੇਸਟ ਮਟੀਰੀਅਲ ਮਿਲਿਆ ਸੀ, ਜੋ ਇੱਟਾਂ ਬਣਾਉਣ ਵਿਚ ਵਰਤਿਆ ਜਾ ਰਿਹਾ ਸੀ। ਪੀਪੀਸੀਬੀ.ਨੇ ਡੀ. ਜੀ. ਸੇਟ ਅਤੇ ਡ੍ਰਾਫਟ ਫੈਨ ਨੂੰ ਸੀਲ ਕਰਨ ਦੇ ਹੁਕਮ ਦਿੱਤੇ। ਪਾਵਰਕਾਮ ਨੂੰ ਬਿਜਲੀ ਕੱਟਣ ਲਈ ਕਿਹਾ ਹੈ।

Facebook Comments

Trending

Copyright © 2020 Ludhiana Live Media - All Rights Reserved.