Connect with us

ਪੰਜਾਬ ਨਿਊਜ਼

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ 6 ਫਰਵਰੀ ਨੂੰ- ਜਿੰਪਾ

Published

on

First state level Janata Durbar of Water Supply and Sanitation Department on 6th February- Gympa

ਲੁਧਿਆਣਾ : ਪੰਜਾਬ ਸਰਕਾਰ ਨੇ ਆਪਣੀ ਕਿਸਮ ਦੇ ਪਹਿਲੇ ਜਨਤਾ ਦਰਬਾਰ ਦੀ ਸ਼ੁਰੂਆਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਕੀਤੀ ਹੈ। ਪਹਿਲਾ ਰਾਜ ਪੱਧਰੀ ਆਨਲਾਈਨ ਜਨਤਾ ਦਰਬਾਰ 6 ਫਰਵਰੀ ਨੂੰ ਲਗਾਇਆ ਜਾਵੇਗਾ। ਪਿੰਡਾਂ ਦੇ ਵਸਨੀਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਸਾਫ ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਜੇਕਰ ਕੋਈ ਦਿੱਕਤ ਆ ਰਹੀ ਹੈ ਜਾਂ ਉਹ ਕੋਈ ਸ਼ਿਕਾਇਤ ਦਰਜ ਕਰਨੀ ਚਾਹੁੰਦੇ ਹਨ ਤਾਂ ਉਹ ਆਨਲਾਈਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਇਸ ਆਨਲਾਈਨ ਜਨਤਾ ਦਰਬਾਰ ਵਿਚ ਲੋਕਾਂ ਦੀ ਸੁਣਵਾਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨਾਲ ਵਿਭਾਗ ਦੇ ਸਮੂਹ ਉੱਚ ਅਧਿਕਾਰੀ ਅਤੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਰਹਿਣਗੇ। ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਪਹਿਲੇ ਰਾਜ ਪੱਧਰੀ ਆਨ ਲਾਈਨ ਜਨਤਾ ਦਰਬਾਰ ਦਾ ਪ੍ਰਬੰਧ 6 ਫਰਵਰੀ ਨੂੰ ਸਵੇਰੇ 11.30 ਤੋਂ ਦੁਪਹਿਰ 2 ਵਜੇ ਤੱਕ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅਜਿਹੇ ਜਨਤਾ ਦਰਬਾਰ ਹਰ 15 ਦਿਨਾਂ ਬਾਅਦ ਲਗਾਏ ਜਾਣਗੇ ਤਾਂ ਜੋ ਮਾਨ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਦਰਾਂ ‘ਤੇ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜਨਤਾ ਦਰਬਾਰ ਦੀ ਸਫਲਤਾ ਲਈ ਜ਼ਿਲ੍ਹਾ ਮੁਕਾਮਾਂ ‘ਤੇ ਤਇਨਾਤ ਅਫਸਰਾਂ ਅਤੇ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਇਸ ਜਨਤਾ ਦਰਬਾਰ ਵਿਚ ਸ਼ਿਕਾਇਤਾਂ ਦਰਜ ਕਰਨ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਮੁਹੰਮਦ ਇਸ਼ਫਾਕ ਵੱਲੋਂ ਕਾਰਜ ਵਿਧੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਆਨਲਾਈਨ ਜਨਤਾ ਦਰਬਾਰ ਚੰਡੀਗੜ੍ਹ ਵਿਖੇ ਅਟੈਂਡ ਕੀਤਾ ਜਾਵੇਗਾ ਜਿਸ ਵਿੱਚ ਸਾਰੇ ਮੁੱਖ ਇੰਜੀਨੀਅਰ ਵੀ ਸ਼ਾਮਿਲ ਹੋਣਗੇ।

Facebook Comments

Trending