Connect with us

ਲੁਧਿਆਣਾ ਨਿਊਜ਼

ਜਨਰਲ ਆਬਜ਼ਰਵਰ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਵੇਅਰਹਾਊਸ ਅਤੇ ਸਟਰਾਂਗ ਰੂਮਾਂ ਦਾ ਮੁਆਇਨਾ, ਪ੍ਰਬੰਧਾਂ ‘ਤੇ ਵੀ ਤਸੱਲੀ ਪ੍ਰਗਟਾਈ

Published

on

ਲੁਧਿਆਣਾ, 14 ਮਈ  – ਲੁਧਿਆਣਾ ਸੰਸਦੀ ਹਲਕੇ ਲਈ ਜਨਰਲ ਆਬਜ਼ਰਵਰ ਦਿਵਿਆ ਮਿੱਤਲ ਆਈ.ਏ.ਐਸ. ਵੱਲੋਂ ਮੰਗਲਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਥਿਤ ਜ਼ਿਲ੍ਹਾ ਪੱਧਰੀ ਵੇਅਰਹਾਊਸ ਵਿਖੇ ਈ.ਵੀ.ਐਮ/ਵੀ.ਵੀ. ਪੈਟ ਦੀ ਵੰਡ ਪ੍ਰਕਿਰਿਆ ਦਾ ਜਾਇਜ਼ਾ ਲਿਆ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 29 ਅਪ੍ਰੈਲ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਪੋਲਿੰਗ ਬੂਥਾਂ ਲਈ ਈ.ਵੀ.ਐਮ/ਵੀ.ਵੀ. ਪੈਟ ਦੀ ਪਹਿਲੀ ਰੈਂਡਮਾਈਜ਼ੇਸ਼ਨ ਤੋਂ ਬਾਅਦ ਵੰਡ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।

ਜ਼ਿਲ੍ਹਾ ਮਾਲ ਅਫ਼ਸਰ (ਡੀ.ਆਰ.ਓ) ਗੁਰਜਿੰਦਰ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ.) ਕ੍ਰਿਤਿਕਾ ਗੋਇਲ ਦੇ ਨਾਲ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਵੱਲੋਂ ਸਬੰਧਿਤ ਸਹਾਇਕ ਰਿਟਰਨਿੰਗ ਅਫ਼ਸਰਾਂ (ਏ.ਆਰ.ਓਜ਼) ਨੂੰ ਈ.ਵੀ.ਐਮ/ਵੀ.ਵੀ. ਪੈਟ ਵੰਡਣ ਦੇ ਕੰਮ ਦੀ ਸਮੀਖਿਆ ਕੀਤੀ।

ਡੀ.ਆਰ.ਓ ਗੁਰਜਿੰਦਰ ਸਿੰਘ ਨੇ ਦੱਸਿਆ ਕਿ 16 ਮਈ ਤੱਕ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ (ਏ.ਆਰ.ਓਜ਼) ਨੂੰ ਕੁੱਲ 3498 ਬੈਲਟ ਯੂਨਿਟ, 3498 ਕੰਟਰੋਲ ਯੂਨਿਟ ਅਤੇ 3792 ਵੀ.ਵੀ.ਪੈਟ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਰਾਏਕੋਟ, ਜਗਰਾਉਂ, ਪਾਇਲ ਅਤੇ ਦਾਖਾ ਦੀਆਂ ਈ.ਵੀ.ਐਮ. ਅਤੇ ਵੀ.ਵੀ.ਪੈਟ ਪਹਿਲਾਂ ਹੀ ਵੰਡੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਹਿੰਦਾ ਕੰਮ 16 ਮਈ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਈ.ਵੀ.ਐਮ/ਵੀ.ਵੀ. ਪੈਟ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਟਰੱਕਾਂ ਵਿੱਚ ਜੀ.ਪੀ.ਐਸ. ਕਾਰਜਸ਼ੀਲ ਹਨ ਅਤੇ ਇੱਥੇ ਸੀ.ਸੀ.ਟੀ.ਵੀ. ਵੀ ਲਗਾਏ ਗਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਯੂਨਿਟਾਂ ਵਿੱਚੋਂ 20 ਫੀਸਦ ਬੈਲਟ ਅਤੇ ਕੰਟਰੋਲ ਯੂਨਿਟ ਅਤੇ 30 ਫੀਸਦ ਵੀ.ਵੀ. ਪੈਟ ਯੂਨਿਟ ਰਾਖਵੇਂ ਰੱਖੇ ਜਾਣਗੇ। ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਪਹਿਲੇ ਪੱਧਰ ਦੀ ਚੈਕਿੰਗ ਦੌਰਾਨ ਮਸ਼ੀਨਾਂ ਠੀਕ ਹਾਲਤ ਵਿੱਚ ਪਾਈਆਂ ਗਈਆਂ। ਇਨ੍ਹਾਂ ਮਸ਼ੀਨਾਂ ਨੂੰ ਏ.ਆਰ.ਓ ਪੱਧਰ ‘ਤੇ ਪ੍ਰੀ-ਪੋਲ ਈ.ਵੀ.ਐਮ. ਸਟਰਾਂਗ ਰੂਮਾਂ ਵਿੱਚ ਸਟੋਰ ਕੀਤਾ ਜਾਵੇਗਾ।

ਜਨਰਲ ਅਬਜ਼ਰਵਰ ਨੇ ਇਸ ਸਮੁੱਚੀ ਪ੍ਰਕਿਰਿਆ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀਆਂ ਨੂੰ ਸਟਾਫ਼ ਲਈ ਪੀਣ ਵਾਲੇ ਪਾਣੀ, ਪੱਖੇ ਆਦਿ ਦਾ ਵੀ ਢੁੱਕਵਾਂ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ।

ਜਨਰਲ ਅਬਜ਼ਰਵਰ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਵਿੱਚ ਸਥਾਪਿਤ ਪ੍ਰੀ-ਪੋਲ ਅਤੇ ਪੋਸਟ-ਪੋਲ ਸਟਰਾਂਗ ਰੂਮਾਂ ਦਾ ਵੀ ਦੌਰਾ ਕੀਤਾ ਅਤੇ ਸੀ.ਸੀ.ਟੀ.ਵੀ., ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ।

ਸਹਾਇਕ ਰਿਟਰਨਿੰਗ ਅਫ਼ਸਰ (ਏ.ਆਰ.ਓ – ਆਤਮ ਨਗਰ) ਪਰਮਦੀਪ ਸਿੰਘ ਦੇ ਨਾਲ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਸਟਰਾਂਗ ਰੂਮਾਂ ਵਿਖੇ ਲਗਾਏ ਗਏ ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਈ.ਵੀ.ਐਮ. ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਵੋਟਿੰਗ ਤੋਂ ਬਾਅਦ ਸਿਆਸੀ ਪਾਰਟੀਆਂ/ਉਮੀਦਵਾਰਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਸਟਰਾਂਗ ਰੂਮਾਂ ਦੀ ਲਾਈਵ ਫੁਟੇਜ ਦਿਖਾਉਣ ਲਈ ਵੱਡੀਆਂ ਐਲ.ਈ.ਡੀ. ਸਕਰੀਨਾਂ ਲਗਾਉਣ।

ਬਾਅਦ ਵਿੱਚ ਸ਼ਾਮ ਨੂੰ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਨੇ ਗੁਰੂ ਨਾਨਕ ਪਬਲਿਕ ਸਕੂਲ (ਜੀ.ਐਨ.ਪੀ.ਐਸ.) ਸਰਾਭਾ ਨਗਰ ਵਿੱਚ ਸਥਾਪਿਤ ਲੁਧਿਆਣਾ ਉੱਤਰੀ ਹਲਕੇ ਦੇ ਪ੍ਰੀ-ਪੋਲ ਸਟਰਾਂਗ ਰੂਮ ਦਾ ਨਿਰੀਖਣ ਵੀ ਕੀਤਾ।

ਏ.ਆਰ.ਓ ਲੁਧਿਆਣਾ ਉੱਤਰੀ ਅੰਕੁਰ ਮਹਿੰਦਰੂ ਦੇ ਨਾਲ ਜਨਰਲ ਅਬਜ਼ਰਵਰ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅੱਪਡੇਟ ਕਰਦੇ ਰਹਿਣ ਤਾਂ ਜੋ ਸਟਰਾਂਗ ਰੂਮਾਂ ਸਬੰਧੀ ਉਨ੍ਹਾਂ ਦੇ ਮਨਾਂ ਵਿੱਚ ਕੋਈ ਸ਼ੰਕਾ ਨਾ ਰਹੇ।

Facebook Comments

Trending