ਪੰਜਾਬੀ

ਸ਼ਹਿਰ ‘ਚ ਖੁੱਲ੍ਹੇ ਅਸਮਾਨ ਹੇਠ ਬਣੇ ਡੰਪ 3-4 ਮਹੀਨੇ ‘ਚ ਹੋਣਗੇ ਖ਼ਤਮ -ਮੇਅਰ

Published

on

ਲੁਧਿਆਣਾ : ਨਗਰ ਨਿਗਮ ਦੀ ਹਦੂਦ ਅੰਦਰ ਖੁੱਲ੍ਹੇ ਅਸਮਾਨ ਹੇਠ ਬਣੇ ਕੂੜੇ ਦੇ ਡੰਪ ਹਟਾਉਣ ਦਾ ਕੰਮ ਆਉਂਦੇ 3-4 ਮਹੀਨਿਆਂ ਅੰਦਰ ਪੂਰਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਰਾਜ ਸਰਕਾਰ ਨੇ ਸਮਾਰਟ ਸਿਟੀ ਯੋਜਨਾ ਤਹਿਤ ਲਗਾਏ ਜਾਣ ਵਾਲੇ ਸਟੈਟਿਕ ਕੰਪੈਕਟਰਾਂ ਦੀ ਮਸ਼ੀਨਰੀ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰ ਵਿਚ ਖੁੱਲ੍ਹੇ ਅਸਮਾਨ ਹੇਠ ਬਣੇ ਕੂੜੇ ਦੇ ਡੰਪਾਂ ਕਾਰਨ ਆਸ-ਪਾਸ ਦੇ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਕਰੀਬ ਦੋ ਸਾਲ ਪਹਿਲਾਂ ਸਮਾਰਟ ਸਿਟੀ ਯੋਜਨਾ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਦੋ ਦਰਜਨ ਤੇ ਨਗਰ ਸੁਧਾਰ ਟਰੱਸਟ ਵਲੋਂ ਅਧੀਨ ਦਰਜਨ ਸਟੈਟਿਕ ਕੰਪੈਕਟਰ ਲਗਾਉਣ ਦੀ ਯੋਜਨਾ ਉਲੀਕੀ ਗਈ ਸੀ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪ੍ਰਸ਼ਾਸਨ ਵਲੋਂ ਸਟੈਟਿਕ ਕੰਪੈਕਟਰਾਂ ਲਈ ਇਮਾਰਤਾਂ ਤਿਆਰ ਕਰ ਲਈਆਂ ਸਨ ਪਰ ਮਸ਼ੀਨਰੀ ਖਰੀਦਣ ਲਈ ਰਾਜ ਸਰਕਾਰ ਵਲੋਂ ਮਨਜ਼ੂਰੀ ਨਾ ਮਿਲਣ ਕਾਰਨ ਸਟੈਟਿਕ ਕੰਪੈਕਟਰ ਸ਼ੁਰੂ ਨਹੀਂ ਹੋ ਸਕੇ ਜਦਕਿ ਨਗਰ ਸੁਧਾਰ ਟਰੱਸਟ ਵਲੋਂ ਬਣਾਏ ਸਟੈਟਿਕ ਕੰਪੈਕਟਰ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ 3-4 ਮਹੀਨੇ ਅੰਦਰ ਮਸ਼ੀਨਰੀ ਖਰੀਦ ਕੇ ਸਥਾਪਤ ਕਰ ਦਿੱਤੀ ਜਾਵੇਗੀ ਜਿਸ ਨਾਲ ਜਿਥੇ ਖੁੱਲ੍ਹੇ ਅਸਮਾਨ ਹੇਠ ਕੂੜੇ ਦੇ ਡੰਪ ਖਤਮ ਹੋਣ ਨਾਲ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ ਉਥੇ ਕੂੜੇ ਦੀ ਲਿਫਟਿੰਗ ‘ਤੇ ਖਰਚ ਹੋਣ ਵਾਲੀ ਰਕਮ ਵਿਚ ਕਮੀ ਆਵੇਗੀ |.

ਇਸ ਦੌਰਾਨ ਵੇਟਗੰਜ ਹੌਜਰੀ ਐਸੋਸੀਏਸ਼ਨ ਵਲੋਂ ਇਲਾਕਾ ਕੌਂਸਲਰ ਚੌਧਰੀ ਯਸ਼ਪਾਲ ਦੀ ਅਗਵਾਈ ਹੇਠ ਮੇਅਰ ਬਲਕਾਰ ਸਿੰਘ ਸੰਧੂ ਨੂੰ ਮੰਗ ਪੱਤਰ ਸੌਂਪਕੇ ਵੇਟਗੰਜ ‘ਚ ਖੁੱਲ੍ਹੇ ਅਸਮਾਨ ਹੇਠ ਬਣੇ ਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਕੂੜੇ ਦੇ ਡੰਪ ਦੇ ਆਸ ਪਾਸ ਮਾਰਕੀਟਾਂ ਬਣ ਚੁੱਕੀਆਂ ਹਨ ਜਿਥੇ ਦੇਸ਼ ਵਿਦੇਸ਼ ਤੋਂ ਗਾਹਕ ਹੌਜਰੀ/ਰੈਡੀਮੇਡ ਦਾ ਸਮਾਨ ਖਰੀਦਣ ਆਉਂਦੇ ਹਨ, ਡੰਪ ਤੋਂ ਉਠਦੀ ਬਦਬੂ ਕਾਰਨ ਗਾਹਕਾਂ ਸਾਹਮਣੇ ਹੌਜਰੀ ਸਨਅਤਕਾਰਾਂ ਨੂੰ ਸ਼ਰਮਸ਼ਾਰ ਹੋਣਾ ਪੈਂਦਾ ਹੈ।

Facebook Comments

Trending

Copyright © 2020 Ludhiana Live Media - All Rights Reserved.