ਪੰਜਾਬੀ

ਪਾਣੀ ਦਾ ਪੱਧਰ ਵਧਣ ਕਾਰਨ ਲੁਧਿਆਣਾ ‘ਚ ਇਕ ਹੋਰ ਪੁਲ ਟੁੱਟਾ, ਆਵਾਜਾਈ ਠੱਪ

Published

on

ਲੁਧਿਆਣਾ : ਪੰਜਾਬ ਅੰਦਰ ਲਗਾਤਾਰ ਬਾਰਿਸ਼ ਕਾਰਨ ਬਣੇ ਹੜ੍ਹ ਵਰਗੇ ਹਾਲਾਤ ਕਾਰਨ ਲੁਧਿਆਣਾ ਦੇ ਭੂਖੜੀ ਕਲਾਂ ’ਚ ਦੁਪਹਿਰ ਵੇਲੇ ਪੁਲ ਟੁੱਟਣ ਤੋਂ ਬਾਅਦ ਹੁਣ ਲੁਧਿਆਣਾ ਦੇ ਪਿੰਡ ਗੱਦੋਵਾਲ ਵਿੱਚ ਨਾਲੇ ’ਤੇ ਬਣਿਆ ਪੁਲ ਵੀ ਟੁੱਟਣਾ ਸ਼ੁਰੂ ਹੋ ਗਿਆ ਹੈ। ਡਰੇਨ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦਾ ਇਕ ਹਿੱਸਾ ਨੁਕਸਾਨਿਆ ਗਿਆ ਹੈ ਅਤੇ ਪੁਲ ’ਤੇ ਬਣੀ ਸੜਕ ਧਸ ਗਈ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪੁਲ ‘ਤੇ ਆਵਾਜਾਈ ਰੋਕ ਦਿੱਤੀ ਹੈ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਸੂਬੇ ਦੇ ਸਾਰੇ ਜਲਘਰਾਂ ‘ਚ ਪਾਣੀ ਦੀ ਆਮਦ ਵੱਧ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ ਬੁੱਢਾ ਨਾਲਾ ਤੇ ਨਹਿਰਾਂ ਸਮੇਤ ਸਤਲੁਜ ਦਰਿਆ ‘ਤੇ ਬਣੇ ਸਾਰੇ ਪੁਲਾਂ/ਪੁਲੀਆਂ ‘ਤੇ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਕਿ ਸਬ-ਤਹਿਸੀਲ ਕੂੰਮ ਕਲਾਂ ਅਧੀਨ ਪੈਂਦੇ ਪਿੰਡ ਗੱਦੋਵਾਲ ਨੇੜੇ ਇਕ ਪੁਲੀ ਦਾ ਇਕ ਹਿੱਸਾ ਬੁੱਢਾ ਨਾਲੇ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਨੁਕਸਾਨਿਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਪਹਿਲਾਂ ਹੀ ਆਪਣੀਆਂ ਟੀਮਾਂ ਨੂੰ ਤਿਆਰ ਰੱਖਣ ਲਈ ਕਿਹਾ ਗਿਆ ਹੈ ਅਤੇ ਪਾਵਰਕਾਮ ਨੂੰ ਲੋੜ ਪੈਣ ‘ਤੇ ਪ੍ਰਸਤਾਵਿਤ ਰਾਹਤ ਕੇਂਦਰਾਂ ਨੂੰ ਬਿਜਲੀ ਸਪਲਾਈ ਕਰਨ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਮਲਿਕ ਨੇ ਕਿਹਾ ਕਿ ਗੋਤਾਖੋਰਾਂ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ‘ਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕੇ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਲੋਕਾਂ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.