ਲੁਧਿਆਣਾ : ਅੰਤਰਰਾਸ਼ਟਰੀ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਸ. ਐਸ. ਪੀ. ਸਿੰਘ ਓਬਰਾਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਟ੍ਰਸਟ, ਅਰਬਨ ਸਟੇਟ, ਫੋਕਲ ਪੁਆਇੰਟ , ਲੁਧਿਆਣਾ ਵਿਖੇ ਭਾਈ ਨਰਿੰਦਰ ਸਿੰਘ ਅਪ੍ਰੇਸ਼ਨ ਥੇਟਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ. ਮਨਦੀਪ ਸਿੰਘ ਸਿੱਧੂ, ਪੰਜਾਬੀ ਸਾਹਿਤਕਾਰ ਸ. ਸੁਰਜੀਤ ਪਾਤਰ, ਸ.ਜਸਵੰਤ ਸਿੰਘ ਛਾਪਾ, ਸ. ਇਕਬਾਲ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਹਸਪਤਾਲ ਨੂੰ ਇੱਕ ਅਲਟਰਾਸਾਉਂਡ ਮਸ਼ੀਨ ਦਾਨ ਸਰੂਪ ਭੇਟ ਵਿਚ ਦਿੱਤੀ।
ਇਸ ਮੌਕੇ ਪੁਲਸ ਕਮਿਸ਼ਨਰ ਨੇ ਜਿੱਥੇ ਓਬਰਾਏ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਉੱਥੇ ਨਾਲ ਹੀ ਉਹਨਾਂ ਨੇ ਕੇਕ ਕੱਟ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ। ਉਹਨਾਂ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਕਵੀ ਨੇ ਬੜਾ ਖੂਬ ਲਿਖਿਆ ਹੈ ਕੀ ਦੁਨੀਆਂ ਵਿੱਚ ਕੁੱਝ ਅਜਿਹੇ ਇਤਿਹਾਸਕ ਪਲ ਹੁੰਦੇ ਹਨ ਜਿਨ੍ਹਾਂ ਵਿਚ ਮਨੁੱਖ ਦੀ ਕੁੱਖੋਂ ਜੰਮਣ ਵਾਲਾ ਇਨਸਾਨ ਇਕ ਨਵਾਂ ਇਤਿਹਾਸ ਬਣਾਉਂਦਾ ਹੈ। ਡਾਕਟਰ ਉਬਰਾਏ ਨੇ, ਨਾ ਸਿਰਫ ਭਾਰਤ ਬਲਕਿ ਪੂਰੇ ਵਿਸ਼ਵ ਵਿੱਚ ਉਨ੍ਹਾਂ ਦੀ ਮਾਨਵਤਾ ਦੀ ਸੇਵਾ ਲਈ ਕੀਤੇ ਗਏ ਯਤਨਾਂ ਦੀਆ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।
ਇਸ ਮੌਕੇ ਸ. ਐਸ ਪੀ ਸਿੰਘ ਓਬਰਾਏ ਨੇ ਸਮਾਜਿਕ ਸੰਸਥਾਵਾਂ ਅਤੇ ਪ੍ਰਸ਼ਾਸਨ ਨੂੰ ਵਿਸ਼ਵਾਸ ਦਵਾਇਆ ਉਹ ਪੰਜਾਬ ਨੂੰ ਨਸ਼ਿਆਂ ਦੇ ਚੰਗੁਲ ਵਿਚੋਂ ਬਾਹਰ ਕੱਢਣ ਲਈ ਵੀ ਆਪਣਾ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਓਬਰਾਏ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਵਾਹਿਗੁਰੂ ਆਪ ਜੀ ਨੂੰ ਇੱਕ ਲੰਬਾ ਅਤੇ ਤੰਦਰੁਸਤ ਜੀਵਨ ਅਦਾ ਫਰਮਾਉਣ ਤਾਂ ਜੋ ਅਸੀਂ ਆਪ ਜੀ ਦੇ ਸਹਿਯੋਗ ਨਾਲ ਪੰਜਾਬ ਨੂੰ ਮੁੜ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਬੁਲੰਦੀਆਂ ਤੱਕ ਪਹੁੰਚਾ ਸਕੀਏ।