ਅਪਰਾਧ

ਮਾਂ ਵੈਸ਼ਣੋ ਦੇਵੀ ਯਾਤਰਾ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਉਣ ਵਾਲੇ ਸ਼ਰਧਾਲੂ ਹੋ ਜਾਣ ਸਾਵਧਾਨ

Published

on

ਜੰਮੂ-ਕਸ਼ਮੀਰ ਵਿਖੇ ਸਥਿਤ ਪਵਿੱਤਰ ਅਸਥਾਨ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਲਈ ਹੈਲੀਕਾਪਟਰ ਦੀ ਬੁਕਿੰਗ ਕਰਵਾਉਣ ਵਾਲੇ ਸ਼ਰਧਾਲੂਆਂ ਨਾਲ ਨਵੀਂ ਕਿਸਮ ਦੀ ਠੱਗੀ ਮਾਰੀ ਜਾ ਰਹੀ ਹੈ, ਜਿਸ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੀ ਹੀ ਠੱਗੀ ਮਾਛੀਵਾੜਾ(ਲੁਧਿਆਣਾ) ਇਲਾਕੇ ਦੇ ਇਕ ਸ਼ਰਧਾਲੂ ਨਾਲ ਵੱਜੀ ਹੈ, ਜਿਸ ਨੇ ਮਾਤਾ ਵੈਸ਼ਨੂੰ ਦੇਵੀ ਸ਼ਰਾਈਨ ਬੋਰਡ ਰਾਹੀਂ 30 ਜੂਨ ਨੂੰ ਦਰਸ਼ਨਾਂ ਲਈ ਕੱਟੜਾ ਤੋਂ ਹੈਲੀਕਾਪਟਰ ਦੀ ਸੇਵਾ ਬੁੱਕ ਕਰਵਾਈ ਸੀ।

ਇਸ ਸ਼ਰਧਾਲੂ ਨੇ ਅਚਾਨਕ ਯਾਤਰਾ ’ਤੇ ਜਾਣ ਲਈ ਆਪਣੇ ਪ੍ਰੋਗਰਾਮ ਵਿਚ ਤਬਦੀਲੀ ਕਰਨ ਲਈ ਜਦੋਂ ਗੂਗਲ ’ਤੇ ਹੈਲੀਕਾਪਟਰ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਫੋਨ ਕੀਤਾ ਤਾਂ ਅੱਗੋਂ ਬੈਠੇ ਠੱਗਾਂ ਨੇ ਉਸ ਨਾਲ ਠੱਗੀ ਮਾਰ ਲਈ। ਹੈਲੀਕਾਪਟਰ ਦੀ ਸੇਵਾ ਲਈ ਬੈਠੇ ਠੱਗ ਨੇ ਕਿਹਾ ਕਿ ਜੇਕਰ ਸ਼ਰਧਾਲੂ ਆਪਣੇ ਜਾਣ ਦੀ ਤਾਰੀਖ਼ ਜਾਂ ਸਮਾਂ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 3500 ਰੁਪਏ ਕੰਪਨੀ ਦੇ ਅਕਾਊਂਟ ਵਿਚ ਪਾਉਣੇ ਪੈਣਗੇ। ਸ਼ਰਧਾਲੂ ਨੇ ਠੱਗ ਵਲੋਂ ਦੱਸੇ ਅਕਾਊਂਟ ਵਿਚ 3500 ਰੁਪਏ ਪਾ ਦਿੱਤੇ।

ਕੁਝ ਘੰਟਿਆਂ ਬਾਅਦ ਫਿਰ ਹੈਲੀਕਾਪਟਰ ਕੰਪਨੀ ਦੇ ਇਸ ਠੱਗ ਨੇ ਫੋਨ ਕਰ ਕੇ ਕਿਹਾ ਕਿ ਉਹ 4560 ਰੁਪਏ ਹੋਰ ਅਕਾਊਂਟ ਵਿਚ ਪਾਵੇ ਤਾਂ ਹੀ ਟਿਕਟ ਜਾਰੀ ਹੋਵੇਗੀ, ਜਿਸ ’ਚੋਂ ਉਸਨੂੰ 4500 ਰੁਪਏ ਰੀਫੰਡ ਹੋ ਜਾਵੇਗਾ। ਸ਼ਰਧਾਲੂ ਨੇ ਉਸ ਦੇ ਅਕਾਊਂਟ ਵਿਚ ਹੋਰ ਪੈਸੇ ਪਾ ਦਿੱਤੇ। ਦੂਸਰੇ ਦਿਨ ਫਿਰ ਠੱਗ ਨੇ ਫੋਨ ਕਰਕੇ ਕਿਹਾ ਕਿ 4560 ਨਹੀਂ 4507 ਰੁਪਏ ਪਾਉਣੇ ਸਨ, ਇਸ ਲਈ ਹੁਣ ਇਹ ਰਾਸ਼ੀ ਪਾਈ ਜਾਵੇ। ਸ਼ਰਧਾਲੂ ਨੇ ਠੱਗ ਦੇ ਬਹਿਕਾਵੇ ਵਿਚ ਆ ਕੇ ਹੋਰ ਰਾਸ਼ੀ ਪਾ ਦਿੱਤੀ।

ਸ਼ਰਧਾਲੂ ਨੇ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ’ਤੇ ਸ਼ਿਕਾਇਤ ਦਰਜ ਕਰਵਾਈ ਕਿ ਇਸ ਪਵਿੱਤਰ ਅਸਥਾਨ ਦੇ ਨਾਂ ਦੀ ਆੜ ਹੇਠ ਠੱਗੀਆਂ ਹੋ ਰਹੀਆਂ ਹਨ ਤਾਂ ਉਨ੍ਹਾਂ ਨੇ ਅੱਗੋਂ ਸ਼ਰਧਾਲੂ ਨੂੰ ਕਿਹਾ ਕਿ ਇੱਥੇ ਅਜਿਹੇ ਠੱਗੀ ਦੇ ਬਹੁਤ ਮਾਮਲੇ ਆਉਂਦੇ ਹਨ, ਲੋਕ ਆਪ ਸੁਚੇਤ ਰਹਿਣ। ਸ਼ਰਧਾਲੂ ਨੇ ਜਦੋਂ ਪਤਾ ਲਾਇਆ ਤਾ ਇਹ ਖਾਤਾ ਯੂ. ਪੀ. ਦੇ ਬ੍ਰਿਜਲਾਲ ਨਾਂ ਦੇ ਵਿਅਕਤੀ ਦਾ ਸੀ। ਸ਼ਰਧਾਲੂ ਨੇ ਇਸ ਸਬੰਧੀ ਸਾਈਬਰ ਕ੍ਰਾਈਮ ਨੂੰ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.