ਲੁਧਿਆਣਾ ਦੇ ਮੁੱਲਾਂਪੁਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ‘ਤੇ ਮੰਗਲਵਾਰ ਦੇਰ ਸ਼ਾਮ ਇਕ ਮਾਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਲੋਕੋ ਪਾਇਲਟ ਨੇ ਤੁਰੰਤ ਮਾਲ ਗੱਡੀ ਨੂੰ ਰੋਕਿਆ ਅਤੇ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਏਆਰਟੀ (ਐਕਸੀਡੈਂਟ ਰਿਲੀਫ ਟਰੇਨ) ਟੀਮ ਦੇ ਅਧਿਕਾਰੀ ਅਤੇ ਕਰਮਚਾਰੀ ਦੇਰ ਰਾਤ ਤੱਕ ਡੱਬਿਆਂ ਨੂੰ ਪਟੜੀ ‘ਤੇ ਚੜ੍ਹਾਉਣ ‘ਚ ਲੱਗੇ ਰਹੇ।
ਦੱਸਿਆ ਗਿਆ ਹੈ ਕਿ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ‘ਤੇ ਰੇਲਵੇ ਟਰੈਕ ਵਿਛਾਉਣ ਦਾ ਕੰਮ ਚੱਲ ਰਿਹਾ ਹੈ। ਮਾਲ ਗੱਡੀ ਲੋਹੇ ਦੇ ਗਾਰਡਰਾਂ ਨਾਲ ਲੱਦੀ ਉਥੋਂ ਜਾ ਰਹੀ ਸੀ। ਕਾਂਟਾ ਬਦਲਦੇ ਸਮੇਂ ਡੱਬੇ ਪਟੜੀ ਤੋਂ ਉਤਰ ਗਏ। ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਐਮਰਜੈਂਸੀ ਹੂਟਰ ਵੱਜਣ ਤੋਂ ਬਾਅਦ ਅਧਿਕਾਰੀ ਤੁਰੰਤ ਚੌਕਸ ਹੋ ਗਏ। ਏਆਰਟੀ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਰੇਲਵੇ ਅਧਿਕਾਰੀ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।