ਲੁਧਿਆਣਾ : ਮੰਦੀ ਕਰ ਕੇ ਸਿਲਾਈ ਮਸ਼ੀਨ ਫਰਨੈਸ ਤੇ ਕਲਪੁਰਜ਼ੇ ਬਣਾਉਣ ਵਾਲੇ ਕਾਰਖਾਨੇਦਾਰਾਂ ਵੱਲੋਂ ਹਫ਼ਤੇ ਵਿੱਚ 2 ਦਿਨ ਕਾਰਖ਼ਾਨੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਬੰਦ ਰੱਖਣ ਦਾ ਕਾਰਨ ਮਜ਼ਦੂਰਾਂ ਦੀ ਕਮੀ ਨੂੰ ਵੀ ਮੰਨਿਆ ਜਾ ਰਿਹਾ ਹੈ। ਸਿਲਾਈ ਮਸ਼ੀਨ ਕਾਰਖ਼ਾਨੇ ਪਹਿਲਾਂ ਐਤਵਾਰ ਨੂੰ ਬੰਦ ਰਹਿੰਦੇ ਸਨ ਤੇ ਹੁਣ ਸਨਿਚਰਵਾਰ ਨੂੰ ਵੀ ਬੰਦ ਰਹਿਣਗੇ। ਹੋਰ ਤਾਂ ਹੋਰ ਕਈ ਇਲਾਕਿਆਂ ਦੇ ਸਿਲਾਈ ਮਸ਼ੀਨ ਕਾਰਖ਼ਾਨੇ ਹਫ਼ਤੇ ’ਚ 3 ਦਿਨ ਸ਼ਨਿਚਰਵਾਰ, ਐਤਵਾਰ ਤੇ ਸੋਮਵਾਰ ਨੂੰ ਵੀ ਬੰਦ ਰੱਖੇ ਜਾਣਗੇ।
ਸਿਲਾਈ ਮਸ਼ੀਨ ਫਰਨੈਸ ਤੇ ਕਲਪੁਰਜ਼ੇ ਬਣਾਉਣ ਵਾਲੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਿਲਾਈ ਮਸ਼ੀਨ ਉਦਯੋਗ ਨੂੰ ਵੱਡੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੋ ਹਫ਼ਤਾਵਾਰੀ ਛੁੱਟੀਆਂ ਹੋਣ ਨਾਲ ਘੱਟੋ-ਘੱਟ ਉਨ੍ਹਾਂ ਦਾ ਭਾਰੀ ਨੁਕਸਾਨ ਹੋਣ ਤੋਂ ਬਚ ਜਾਵੇਗਾ। ਪਿਛਲੇ ਇਕ ਮਹੀਨੇ ਦੌਰਾਨ ਸਿਲਾਈ ਮਸ਼ੀਨ ਬਾਡੀ, ਵ੍ਹੀਲ, ਹੈਂਡ ਅਟੈਚਮੈਂਟ, ਸਟੈਂਡ ਆਦਿ ਦੀ ਕਾਸਟਿੰਗ ਵਰਗੇ ਪੁਰਜ਼ਿਆਂ ਦੀ ਮੰਗ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਹੁਣ ਸਥਿਤੀ ਇਹ ਹੈ ਕਿ ਮੰਗ ਨਿਯਮਤ ਦਿਨਾਂ ਦੇ ਸਿਰਫ 30 ਫ਼ੀਸਦੀ ਤੱਕ ਘੱਟ ਗਈ ਹੈ। ਖਰੀਦਦਾਰਾਂ ਵੱਲੋਂ ਵੱਡੀ ਪੱਧਰ ’ਤੇ ਆਰਡਰ ਰੱਦ ਕਰ ਦਿੱਤੇ ਗਏ ਹਨ। ਕਾਰੋਬਾਰੀਆਂ ਅਨੁਸਾਰ ਮੰਗ ’ਚ ਗਿਰਾਵਟ ਬਹੁਤ ਗੰਭੀਰ ਮੁੱਦਾ ਬਣ ਰਹੀ ਹੈ ਕਿਉਂਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਫਰਨੈਸ ਇਕਾਈਆਂ ਲੁੜੀਂਦੀ ਆਮਦਨ ਪੈਦਾ ਕਰਨ ’ਚ ਅਸਮਰੱਥ ਹਨ ਤੇ ਇਸ ਲਈ ਠੋਸ ਕਦਮ ਚੁੱਕਣੇ ਪੈਣਗੇ।
ਫਰਨੈਸ ਐਂਡ ਅਲਾਈਡ ਇੰਡਸਟਰੀਜ਼ ਐਸੋਸੀਏਸ਼ਨ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਸਿਲਾਈ ਮਸ਼ੀਨ ਅਸੈਂਬਲਰਾਂ ਤੇ ਪਾਰਟਸ ਸਪਲਾਈਰਾਂ ਦਾ ਭਵਿੱਖ ਖ਼ਤਰੇ ’ਚ ਹੈ ਕਿਉਂਕਿ ਭਾਰਤ ’ਚ ਹਰ ਜਗ੍ਹਾ ਸਿਲਾਈ ਮਸ਼ੀਨ ਦੀ ਮੰਗ ’ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਇਕ ਹੋਰ ਚਿੰਤਾ ਇਹ ਹੈ ਕਿ ਮੰਦੀ ਕਾਰਨ ਭੇਜੇ ਗਏ ਮਾਲ ਦੀ ਅਦਾਇਗੀ ਵੀ ਦੇਰੀ ਨਾਲ ਹੋ ਰਹੀ ਹੈ।