ਲੁਧਿਆਣਾ : ਗੌਰਮਿੰਟ ਡਰੱਗ ਡੀ ਐਡਿਕਸ਼ਨ ਤੇ ਰਿਹੈਬਿਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸਰਕਟ ਹਾਊਸ ਵਿਚ ਹੋਈ, ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਧਾਨ ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਈ ਵਾਰ ਮੁੱਖ ਮੰਤਰੀ, ਸਿਹਤ ਮੰਤਰੀ ਤੇ ਕੈਬਨਿਟ ਮੰਤਰੀ ਨਾਲ ਮਿਲ ਕੇ ਆਪਣੀਆਂ ਮੰਗਾਂ ਬਾਰੇ ਦੱਸ ਚੁੱਕੇ ਹਨ। ਹਰ ਵਾਰ ਸਾਨੂੰ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਪੱਲੇ ਪਿਆ। ਅਜਿਹੇ ਵਿਚ ਮਜਬੂਰ ਹੋ ਕੇ ਹੁਣ ਵੱਡਾ ਕਦਮ ਚੁੱਕਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ 6 ਦਸੰਬਰ ਤੋਂ ਪੰਜਾਬ ਭਰ ਵਿਚ ਨਸ਼ਾ ਛੁਡਾਓ ਕੇਂਦਰ, ਓਓਏਟੀ ਕੇਂਦਰ, ਰਿਹੈਬਿਲੀਟੇਸ਼ਨ ਸੈਂਟਰਾਂ ਨੂੰ ਬੰਦ ਕਰਕੇ ਭੁੱਖ ਹੜਤਾਲ ਕੀਤੀ ਜਾਵੇਗੀ ਤੇ ਚੰਡੀਗੜ੍ਹ ਵਿਚ ਧਰਨਾ ਵੀ ਦਿੱਤਾ ਜਾਵੇਗਾ। ਜੇਕਰ ਇਸ ਤੋਂ ਬਾਅਦ ਵੀ ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ, ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।