ਲੁਧਿਆਣਾ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਭਲਕੇ 21 ਜੁਲਾਈ (ਸ਼ੁੱਕਰਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ । ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਭਲਕੇ ਲੱਗਣ ਵਾਲੇ ਕੈਂਪ ਵਿੱਚ ਵੱਖ-ਵੱਖ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਬਾਇਓਟੈਕਸ ਐਪਾਰਲ, ਡੋਰਿਕ ਮਲਟੀਮੀਡੀਆ, ਭਾਰਤੀ ਏਅਰਟੈਲ, ਈਬਿਲਡਰਜ ਇਨਫੋਟੈਕ, ਸਾਂਝ ਕੰਟਰੋਲ ਰੂਮ ਅਤੇ ਵਾਸਟ ਲਿੰਕਰਜ ਆਦਿ ਸ਼ਾਮਲ ਹਨ। ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ. 
ਘੱਟ ਤੋਂ ਘੱਟ ਯੋਗਤਾ 12ਵੀ, ਆਈ.ਟੀ.ਆਈ., ਡਿਪਲੋਮਾ ਹੋਲਡਰ ਅਤੇ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਪਾਸ ਕੀਤਾ ਹੋਵੇ। ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਇਸ ਇੰਟਰਵਿਊ ਲਈ ਆਪਣਾ ਬਾਇਓ ਡਾਟਾ ਨਾਲ ਲੈ ਕੇ ਰੋਜ਼ਗਾਰ ਮੇਲੇ ‘ਚ ਸ਼ਮੂਲੀਅਤ ਕਰਨ।