ਪੰਜਾਬ ਨਿਊਜ਼

ਕਾਰਪੋਰੇਟ ਘਰਾਣਿਆਂ ਨੇ ਆਪਣੇ ਮੁਨਾਫ਼ਿਆਂ ਲਈ ਪਾਣੀ ਦੇ ਦਰਿਆ ਵੀ ਨਹੀਂ ਬਖ਼ਸ਼ੇ – ਉਗਰਾਹਾਂ

Published

on

ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬੁੱਢੇ ਦਰਿਆ ‘ਤੇ 5 ਰੋਜ਼ਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿਚ ਪਹਿਲੇ ਦਿਨ ਲੁਧਿਆਣਾ, ਸੰਗਰੂਰ ਤੇ ਮਲੇਰਕੋਟਲਾ ਜ਼ਿਲ੍ਹੇ ਦੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ। ਧਰਨੇ ਦੇ ਪਹਿਲੇ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ‘ਤੇ ਪੁੱਜੇ।

ਸ.ਉਗਰਾਹਾਂ ਨੇ ਕਿਹਾ ਕਿ ਅੱਜ ਪਾਣੀ ਤੇ ਪ੍ਰਦੂਸ਼ਣ ਦਾ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹ ਦਿੱਤਾ ਜਾਂਦਾ ਹੈ ਜਦਕਿ ਇਹ ਸਾਰੇ ਕੁੱਝ ਦਾ ਦੋਸ਼ੀ ਹਾਕਮਾਂ ਦਾ ਹਰਾ ਇਨਕਲਾਬ ਹੈ। ਕਾਰਪੋਰੇਟ ਘਰਾਣਿਆਂ ਨੇ ਆਪਣੇ ਮੁਨਾਫ਼ਿਆਂ ਲਈ ਸਾਡੇ ਦਰਿਆ ਵੀ ਨਹੀਂ ਬਖ਼ਸ਼ੇ। ਸਾਡੇ ਦਰਿਆ ਜੋ ਚੀਨ ਤਿੱਬਤ ‘ਚੋਂ ਚੜ੍ਹਦੇ ਹਨ ਪਰ ਜਦੋਂ ਇਹ ਦਰਿਆ ਪੰਜਾਬ ਵਿਚ ਦਾਖ਼ਲ ਹੁੰਦੇ ਹਨ ਤਾਂ ਫੈਕਟਰੀਆਂ ਦਾ ਗੰਦਾ ਪਾਣੀ ਪਾ ਕੇ ਸਾਡੇ ਦਰਿਆਵਾਂ ਨੂੰ ਪ੍ਰਦੂਸ਼ਿਤ ਕੀਤਾ ਗਿਆ ਹੈ।

ਹਰੀਕੇ ਪੱਤਣ ‘ਤੇ ਜਾ ਕੇ ਜਦੋਂ ਸਾਡੇ ਦਰਿਆ ਇਕੱਠੇ ਆਉਂਦੇ ਹਨ ਤਾਂ ਇਨ੍ਹਾਂ ਦਰਿਆਵਾਂ ਦਾ ਪਾਣੀ ਪੀਣ ਯੋਗ ਨਹੀਂ ਰਹਿੰਦਾ। ਸਤਲੁਜ ਦਰਿਆ ਵਿਚ ਬੁੱਢੇ ਨਾਲੇ ਦਾ ਗੰਦਾ ਪਾਣੀ ਸ਼ਰ੍ਹੇਆਮ ਪੈ ਰਿਹਾ ਹੈ। ਰੋਪੜ, ਜਲੰਧਰ ਲੁਧਿਆਣਾ ਸਮੇਤ ਲਗਪਗ 250 ਕਾਰਖਾਨਿਆਂ ਦਾ ਪਾਣੀ ਸਾਡੇ ਦਰਿਆਵਾਂ ਵਿਚ ਪੈ ਰਿਹਾ ਹੈ , ਪਰ ਦੋ ਢਾਈ ਸੌ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਪੰਜ ਕਰੋੜ ਲੋਕਾਂ ਦੀ ਬਲੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਵਿਚ ਲੱਗੇ ਕਾਰਖਾਨਿਆਂ ਦਾ ਗੰਦਾ ਪਾਣੀ ਟਰੀਟਮੈਂਟ ਕਰਕੇ ਵਰਤੋਂ ਵਿਚ ਲਿਆਂਦਾ ਜਾਵੇ। ਲੁਧਿਆਣੇ ਦੇ ਸਾਰੇ ਟਰੀਟਮੈਂਟ ਪਲਾਂਟ ਚਾਲੂ ਕੀਤੇ ਜਾਣ। ਆਗੂਆਂ ਨੇ ਕਿਹਾ ਜੇ ਸਾਡੀ ਸਰਕਾਰ ਨਾ ਜਾਗੀ ਤਾਂ ਆਉਣ ਵਾਲੇ ਸੰਘਰਸ਼ ਤਿੱਖੇ ਹੋਣਗੇ। ਇਸ ਮੌਕੇ ਜਗਤਾਰ ਸਿੰਘ ਕਾਲਾਝਾਡ, ਚਰਨ ਸਿੰਘ ਨੂਰਪੁਰਾ, ਅਮਰੀਕ ਸਿੰਘ ਗੰਢੂਆਂ, ਕੇਵਲ ਸਿੰਘ ਭੜੀ, ਕੁਲਵਿੰਦਰ ਸਿੰਘ ਭੂਦਨ, ਰਾਜਿੰਦਰ ਸਿੰਘ ਸਿਆੜ, ਕਲਦੀਪ ਸਿੰਘ ਗਰੇਵਾਲ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

Facebook Comments

Trending

Copyright © 2020 Ludhiana Live Media - All Rights Reserved.