ਲੁਧਿਆਣਾ : ਕਾਲਜ ਆਫ਼ ਫਿਸ਼ਰੀਜ਼ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ‘ਮੱਛੀ ਪਾਲਣ’ ਵਿਸ਼ੇ ‘ਤੇ 5 ਦਿਨਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਸਿਖਿਆਰਥੀਆਂ ਨੇ ਭਾਗ ਲਿਆ ਤੇ ਮੱਛੀ ਪਾਲਣ ਨਾਲ ਸਬੰਧਤ ਹਰ ਪੱਖ ਦੀ ਸਿਖ਼ਲਾਈ ਲਈ।
ਸਿਖਲਾਈ ਪ੍ਰੋਗਰਾਮ ਦੇ ਨਿਰਦੇਸ਼ਕ ਡਾ. ਵਨੀਤ ਇੰਦਰ ਕੌਰ ਨੇ ਸੂਬੇ ‘ਚ ਮੱਛੀ ਪਾਲਣ ਦੀਆਂ ਸੰਭਾਵਨਾਵਾਂ ਤੇ ਮੌਕਿਆਂ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਮੱਛੀ ਪਾਲਣ ਨੂੰ ਇੱਕ ਉਦਮ ਵਜੋਂ ਅਪਨਾਉਣ ਦੇ ਚਾਹਵਾਨਾਂ ‘ਚ ਉੱਦਮੀ ਯੋਗਤਾ ਪੈਦਾ ਕਰਨ ਦੀ ਸੋਚ ਅਧੀਨ ਕਰਵਾਇਆ ਗਿਆ ਸੀ। ਸਿਖਲਾਈ ਦੌਰਾਨ ਸਿਧਾਂਤਕ ਤੇ ਵਿਹਾਰਕ ਸੈਸ਼ਨਾਂ ਰਾਹੀਂ ਮੱਛੀ ਪਾਲਣ ਦੇ ਵੱਖ-ਵੱਖ ਪਹਿਲੂਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ।
ਪਿੰਡ ਕਰੋਦੀਆਂ (ਲੁਧਿਆਣਾ) ਦੇ ਅਗਾਂਹਵਧੂ ਮੱਛੀ ਪਾਲਕ ਜਸਵੀਰ ਸਿੰਘ ਔਜਲਾ ਨਾਲ ਮੁਲਾਕਾਤ ਕਰਵਾਈ ਗਈ ਤੇ ਸਿਖਿਆਰਥੀਆਂ ਨੂੰ ਅਜੋਕੇ ਸਮੇਂ ਦੇ ਤਜਰਬੇ ਦੱਸਣ ਲਈ ਉਨ੍ਹਾਂ ਦੇ ਮੱਛੀ ਫਾਰਮ ਵਿਖੇ ਦੌਰੇ ਦਾ ਵੀ ਪ੍ਰਬੰਧ ਕੀਤਾ ਗਿਆ। ਯੂਨੀਵਰਸਿਟੀ ਤੇ ਰਾਜ ਤੇ ਕੇਂਦਰੀ ਸਰਕਾਰਾਂ ਦੀਆਂ ਸੇਵਾਵਾਂ ਅਤੇ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਤੇ ਹੋਰ ਸਕੀਮਾਂ ਬਾਰੇ ਵੀ ਸਿਖਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।
ਡੀਨ ਫਿਸ਼ਰੀਜ਼ ਕਾਲਜ ਡਾ. ਮੀਰਾ ਡੀ. ਆਂਸਲ ਨੇ ਕਿਹਾ ਕਿ ਯੂਨੀਵਰਸਿਟੀ ਕਿਸਾਨ ਭਾਈਚਾਰੇ ਤੇ ਉੱਦਮੀਆਂ ਦੀ ਸਮਰੱਥਾ ਉਸਾਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ, ਤਾਂ ਜੋ ਕਿੱਤੇ ਵਿਚ ਲੰਮੇ ਸਮੇਂ ਤੱਕ ਟਿਕਾਊਪਨ ਰਹੇ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਯੂਨੀਵਰਸਿਟੀ ਪਸ਼ੂਧਨ ਤੇ ਮੱਛੀ ਪਾਲਣ ਦੇ ਖੇਤਰ ਦੇ ਸਰਵਪੱਖੀ ਵਿਕਾਸ ਸੰਬੰਧੀ ਕਿਸਾਨਾਂ ਲਈ ਤਕਨਾਲੋਜੀ ਦੇ ਤਬਾਦਲੇ ਅਤੇ ਸਮਰੱਥਾ ਉਸਾਰੀ ਬਾਰੇ ਸਮਰਪਿਤ ਹੈ।