ਪੰਜਾਬ ਨਿਊਜ਼

ਪੰਜਾਬ ਦੇ ਥਰਮਲਾਂ ‘ਚ ਫਿਰ ਗਹਿਰਾਇਆ ਕੋਲੇ ਦਾ ਸੰਕਟ, 1 ਤੋਂ 5 ਦਿਨਾਂ ਦਾ ਬਚਿਆ ਕੋਲਾ, ਮੰਗ 8 ਹਜ਼ਾਰ ਮੈਗਾਵਾਟ ਤੋਂ ਪਾਰ

Published

on

ਲੁਧਿਆਣਾ : ਸੂਬੇ ਦੇ ਦੋ ਪ੍ਰਾਈਵੇਟ ਤੇ ਦੋ ਸਰਕਾਰੀ ਥਰਮਲ ਪਲਾਂਟ ਵਿਚ ਸਿਰਫ 1 ਤੋਂ 5 ਦਿਨ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟਾਂ ਵਿਚ ਸਮਰੱਥਾ ਮੁਤਾਬਕ ਬਿਜਲੀ ਪੈਦਾ ਨਹੀਂ ਹੋ ਰਹੀ ਹੈ। ਕੋਲੇ ਦੀ ਸਪਲਾਈ ਨਾ ਮਿਲੀ ਤਾਂ ਸਾਡੇ ਥਰਮਲ ਪਲਾਂਟ ਕਦੇ ਵੀ ਠੰਡੇ ਪੈ ਸਕਦੇ ਹਨ। ਦੂਜੇ ਪਾਸੇ ਕੋਲਾ ਸੰਕਟ ਵਿਚ ਕੇਂਦਰ ਸਰਕਾਰ ਨੇ ਪਾਵਰਕਾਮ ਨੂੰ ਝਟਕਾ ਦਿੱਤਾ ਹੈ।

ਕੇਂਦਰ ਨੇ ਪੱਤਰ ਜਾਰੀ ਕਰਕੇ ਥਰਮਲ ਪਲਾਂਟਸ ਵਿਚ 6 ਫੀਸਦੀ ਵਿਦੇਸ਼ੀ ਕੋਲਾ ਇਸਤੇਮਾਲ ਕਰਨ ਦਾ ਫਰਮਾਨ ਜਾਰੀ ਕੀਤਾ ਹੈ। ਇਸ ਫੈਸਲੇ ਨਾਲ ਪਾਵਰਕਾਮ ‘ਤੇ 250-300 ਕਰੋੜ ਰੁਪਏ ਦਾ ਆਰਥਿਕ ਬੋਝ ਪਵੇਗਾ। ਇਥੇ ਰੋਪੜ ਜੀਵੀਕੇ ਪਾਵਰ ਥਰਮਲ ਦਾ 1-1 ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਹੈ। ਵੀਰਵਾਰ ਨੂੰ ਸਾਰੇ ਥਰਮਲ ਪਲਾਂਟਸ ਸਣੇ ਦੂਜੇ ਸਰੋਤਾਂ ਤੋਂ 4858 ਮੈਗਾਵਾਟ ਬਿਜਲੀ ਉਤਪਾਦਨ ਹੋ ਸਕਿਆ ਜਦੋਂ ਕਿ ਬਿਜਲੀ ਦੀ ਅਧਿਕਤਮ ਮੰਗ 8105 ਮੈਗਾਵਾਟ ਰਿਕਾਰਡ ਹੋਈ।

ਬਿਜਲੀ ਦੀ ਵਧਦੀ ਮੰਗ ਤੇ ਖਪਤ ਦੇ ਚੱਲਦੇ ਕੋਲਾ ਆਧਾਰਿਤ ਬਿਜਲੀ ਦੀ ਮੰਗ ਵਧੀ ਹੈ। ਅਜਿਹੇ ਵਿਚ ਊਰਜਾ ਮੰਤਰਾਲੇ ਨੂੰ ਥਰਮਲ ਪਾਵਰ ਪਲਾਂਟਸ ‘ਤੇ 24 ਮਿਲੀਅਨ ਟਨ ਕੋਲੇ ਦੀ ਕਮੀ ਦੀ ਸ਼ੰਕਾ ਹੈ। ਸਰਕਾਰੀ ਥਰਮਲ ਪਲਾਂਟਾਂ ਵਿਚ ਸ਼ਾਮਲ ਰੋਪੜ ਪਲਾਂਟ ਵਿਚ ਕੋਲਾ ਤਾਂ 1.2 ਦਿਨ ਦਾ ਬਚਿਆ ਹੈ ਪਰ ਉਤਪਾਦਨ ਪੂਰਾ ਨਹੀਂ ਹੋ ਰਿਹਾ। ਇਹ ਪਲਾਂਟ 840 ਮੈਗਾਵਾਟ ਦਾ ਹੈ ਪਰ ਉਤਪਾਦਨ 300 ਮੈਗਾਵਾਟ ਹੋ ਰਿਹਾ ਹੈ। ਦੂਜੇ ਪਾਸੇ ਲਹਿਰਾ ਮੁਹੱਬਤ ਦੀ ਸਮਰੱਥਾ 920 ਮੈਗਾਵਾਟ ਹੈ। ਇਥੇ ਵੀ 3.1 ਦਿਨ ਦਾ ਕੋਲਾ ਬਚਿਆ ਹੈ।

Facebook Comments

Trending

Copyright © 2020 Ludhiana Live Media - All Rights Reserved.