ਲੁਧਿਆਣਾ : ਪੁਲਿਸ ਨੇ ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਕਮਲਪ੍ਰੀਤ ਕੌਰ ਵਾਸੀ ਬਾਬਾ ਮੁਕੰਦ ਸਿੰਘ ਨਗਰ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਉਸਦੇ ਪਤੀ ਇੰਦਰਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸ਼ਾਦੀ 6 ਸਾਲ ਪਹਿਲਾਂ ਕਥਿਤ ਦੋਸ਼ੀ ਨਾਲ ਹੋਈ ਸੀ, ਪਰ ਵਿਆਹ ਤੋਂ ਕੁਝ ਸਮੇਂ ਬਾਅਦ ਕਥਿਤ ਦੋਸ਼ੀ ਵਲੋਂ ਉਸਨੂੰ ਦਾਜ ਖਾਤਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੀਤੇ ਦਿਨ ਕਥਿਤ ਦੋਸ਼ੀ ਨੇ ਉਸ ਨੂੰ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ, ਜਿਸ ‘ਤੇ ਉਸਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ‘ਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ।
ਦੂਜੇ ਮਾਮਲੇ ਵਿਚ ਪੁਲਿਸ ਨੇ ਨੀਤੀ ਵਿੰਘ ਵਾਸੀ ਕਿਚਲੂ ਨਗਰ ਦੀ ਸ਼ਿਕਾਇਤ ‘ਤੇ ਡਲਹੌਜ਼ੀ ਦੇ ਰਹਿਣ ਵਾਲੇ ਵਿਕਰਾਂਤ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀ ਉਤੇ ਵੀ ਸ਼ਿਕਾਇਤਕਰਤਾ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਹੈ।