ਲੁਧਿਆਣਾ : ਦਾਜ ਖਾਤਰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਤਹਿਤ ਪੁਲਿਸ ਵਲੋਂ ਵਿਆਹੁਤਾ ਦੇ ਪਤੀ ਖ਼ਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮੋਨਿਕਾ ਵਾਸੀ ਮੁੰਡੀਆਂ ਕਲਾਂ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਬਲਬੀਰ ਰਾਮ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ |

ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਵਿਆਹ ਉਕਤ ਕਥਿਤ ਦੋਸ਼ੀ ਨਾਲ 21 ਸਾਲ ਪਹਿਲਾਂ ਹੋਇਆ ਸੀ ਪਰ ਔਲਾਦ ਨਾ ਹੋਣ ਕਾਰਨ ਪਹਿਲਾਂ ਕਥਿਤ ਦੋਸ਼ੀ ਨੇ ਉਸ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ | ਉਸ ਤੋਂ ਬਾਅਦ ਉਹ ਚੱਲਣ ਫਿਰਨ ‘ਚ ਵੀ ਅਸਮਰੱਥ ਹੋ ਗਈ | ਉਸ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਅਕਸਰ ਦਾਜ ਦੀ ਮੰਗ ਕੀਤੀ ਜਾਣ ਲੱਗੀ |

ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਤਲਾਕ ਦਿੱਤੇ ਬਗੈਰ ਦੂਜਾ ਵਿਆਹ ਵੀ ਕਰਵਾ ਲਿਆ | ਮੋਨਿਕਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ‘ਚ ਲਿਆਂਦਾ ਗਿਆ | ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਸੰਬੰਧੀ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ‘ਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |