ਨਵੀਂ ਦਿੱਲੀ: ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿੱਲੀ ਸਰਕਾਰ ਪ੍ਰਦੂਸ਼ਣ ਦੇ ਮੱਦੇਨਜ਼ਰ ਇਹਤਿਆਤ ਵਜੋਂ ਲਗਾਤਾਰ ਫੈਸਲੇ ਲੈ ਰਹੀ ਹੈ। GRAP-4 ਸੋਮਵਾਰ ਤੋਂ ਦਿੱਲੀ ਵਿੱਚ ਲਾਗੂ ਹੋ ਗਿਆ ਹੈ। ਇਸ ਦੌਰਾਨ ਦਿੱਲੀ MCD ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ MCD ਦਫਤਰ ਕੱਲ ਯਾਨੀ ਮੰਗਲਵਾਰ ਤੋਂ ਸਵੇਰੇ 8.30 ਵਜੇ ਖੁੱਲ੍ਹਣਗੇ।
ਪ੍ਰਦੂਸ਼ਣ ਵਿੱਚ ਚਿੰਤਾਜਨਕ ਵਾਧੇ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਵਿੱਚ ਹੋਈ ਦੇਰੀ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ, ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ-ਐਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) ਰਾਜਾਂ ਨੂੰ GRAP-4 ਦੇ ਤਹਿਤ ਪਾਬੰਦੀਆਂ ਨੂੰ ਲਾਗੂ ਕਰਨ ਲਈ ਤੁਰੰਤ ਇੱਕ ਟੀਮ ਗਠਿਤ ਕਰਨ ਦੇ ਨਿਰਦੇਸ਼ ਅਤੇ ਕਿਹਾ ਕਿ ਇਹ ਪਾਬੰਦੀਆਂ ਲਾਗੂ ਰਹਿਣਗੀਆਂ ਭਾਵੇਂ AQI (ਏਅਰ ਕੁਆਲਿਟੀ ਇੰਡੈਕਸ) 450 ਤੋਂ ਹੇਠਾਂ ਹੋਵੇ।
ਜਸਟਿਸ ਅਭੈ ਐਸ ਓਕਾ ਅਤੇ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਸਾਰੇ ਰਾਜਾਂ ਦਾ ਸੰਵਿਧਾਨਕ ਫਰਜ਼ ਹੈ ਕਿ ਹਰ ਨਾਗਰਿਕ ਪ੍ਰਦੂਸ਼ਣ ਮੁਕਤ ਵਾਤਾਵਰਣ ਵਿੱਚ ਜਿਉਂਦਾ ਰਹੇ।ਬੈਂਚ ਨੇ ਕਿਹਾ, “ਅਸੀਂ GRAP ਦੇ ਚੌਥੇ ਪੜਾਅ ਦੇ ਤਹਿਤ ਪਾਬੰਦੀਆਂ ਨੂੰ ਜਾਰੀ ਰੱਖਣ ਦਾ ਨਿਰਦੇਸ਼ ਦਿੰਦੇ ਹਾਂ ਭਾਵੇਂ AQI ਪੱਧਰ 450 ਤੋਂ ਹੇਠਾਂ ਚਲਾ ਜਾਵੇ।ਇਸਨੇ ਸਾਰੇ ਦਿੱਲੀ-ਐਨਸੀਆਰ ਰਾਜਾਂ ਨੂੰ 12ਵੀਂ ਜਮਾਤ ਤੱਕ ਦੀਆਂ ਕਲਾਸਾਂ ਰੱਖਣ ਬਾਰੇ ਤੁਰੰਤ ਫੈਸਲੇ ਲੈਣ ਲਈ ਕਿਹਾ ਅਤੇ ਇੱਕ ਵਿਧੀ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਜਿਸ ਰਾਹੀਂ ਪੜਾਅਵਾਰ ਜਵਾਬੀ ਕਾਰਵਾਈ ਯੋਜਨਾ (ਜੀਆਰਏਪੀ) ਦੇ ਪੜਾਅ 4 ਦੇ ਤਹਿਤ ਪਾਬੰਦੀਆਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਸ਼ਿਕਾਇਤਾਂ ਕੀਤੀਆਂ ਜਾ ਸਕਦੀਆਂ ਹਨ।
ਖਰਾਬ ਮੌਸਮ ‘ਚ ਵਿਜ਼ੀਬਿਲਟੀ ਘੱਟ ਹੋਣ ਕਾਰਨ ਦਿੱਲੀ ਏਅਰਪੋਰਟ ‘ਤੇ 14 ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ ਜਦਕਿ ਕਈ ਫਲਾਈਟਾਂ ‘ਚ ਦੇਰੀ ਹੋਈ।ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਖ਼ਰਾਬ ਮੌਸਮ ਕਾਰਨ ਵਿਜ਼ੀਬਿਲਟੀ ਘੱਟ ਗਈ ਜਿਸ ਕਾਰਨ ਜਹਾਜ਼ਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ।ਏਅਰ ਇੰਡੀਆ, ‘ਸਪਾਈਸਜੈੱਟ’ ਅਤੇ ‘ਇੰਡੀਗੋ’ ਵਰਗੀਆਂ ਏਅਰਲਾਈਨਾਂ ਨੇ ‘ਐਕਸ’ ਰਾਹੀਂ ਮੁਸਾਫਰਾਂ ਨੂੰ ਸੂਚਿਤ ਕੀਤਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਘੱਟ ਵਿਜ਼ੀਬਿਲਟੀ ਕਾਰਨ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ, ਜੋ ਉੱਚ ਪੱਧਰ ਦੇ ਪ੍ਰਦੂਸ਼ਣ ਨਾਲ ਜੂਝ ਰਹੀ ਹੈ।ਅਧਿਕਾਰੀ ਨੇ ਦੱਸਿਆ ਕਿ ਸਵੇਰੇ 8.30 ਵਜੇ ਤੋਂ ਦੁਪਹਿਰ 3 ਵਜੇ ਤੱਕ 14 ਉਡਾਣਾਂ ਵਿੱਚੋਂ 13 ਨੂੰ ਜੈਪੁਰ ਅਤੇ ਇੱਕ ਨੂੰ ਦੇਹਰਾਦੂਨ ਵੱਲ ਮੋੜ ਦਿੱਤਾ ਗਿਆ।