ਲੁਧਿਆਣਾ : ਜਬਰ-ਜਨਾਹ ਮਾਮਲੇ ’ਚ ਨਾਮਜ਼ਦ ਕੀਤੇ ਗਏ ਸਿਮਰਜੀਤ ਸਿੰਘ ਬੈਂਸ ਤੇ ਬਾਕੀ ਮੁਲਜ਼ਮਾਂ ਦੀ ਜਾਇਦਾਦ ਨੂੰ ਮਾਮਲੇ ’ਚ ਅਟੈਚ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਰਿਆਂ ਦੇ ਬੈਂਕ ਖਾਤਿਆਂ ਨੂੰ ਵੀ ਫਰੀਜ਼ ਕਰਵਾ ਦਿੱਤਾ ਗਿਆ ਹੈ। ਇਹ ਕਾਰਵਾਈ ਅਦਾਲਤੀ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਪੁਲਿਸ ਹੁਣ ਜਾਇਦਾਦ ਨੂੰ ਸੀਜ਼ ਕਰਨ ਲਈ ਅਦਾਲਤ ’ਚ ਅਰਜ਼ੀ ਦੇ ਸਕਦੀ ਹੈ।
ਪੁਲਿਸ ਨੇ ਪਰਮਜੀਤ ਸਿੰਘ ਬੈਂਸ, ਸਿਮਰਜੀਤ ਸਿੰਘ ਬੈਂਸ, ਬਲਜਿੰਦਰ ਕੌਰ ਤੇ ਸੁਖਚੈਨ ਸਿੰਘ ਦੀ ਜਾਇਦਾਦ ਦੀ ਰਿਪੋਰਟ ਵੀ ਅਦਾਲਤ ’ਚ ਜਮ੍ਹਾਂ ਕਰਵਾ ਦਿੱਤੀ ਹੈ ਤੇ ਇਹ ਸਾਰੀ ਜਾਇਦਾਦ ਮਾਮਲੇ ਨਾਲ ਅਟੈਚ ਕਰ ਦਿੱਤੀ ਗਈ ਹੈ। ਇਸ ਲਈ ਸਬੰਧਤ ਤਹਿਸੀਲਦਾਰ ਨੂੰ ਅਦਾਲਤ ਦੇ ਆਰਡਰ ਦੀ ਕਾਪੀ ਦੇ ਕੇ ਹੁਕਮ ਦਿੱਤੇ ਗਏ ਹਨ ਕਿ ਇਸ ਜਾਇਦਾਦ ਨੂੰ ਹੁਣ ਅੱਗੇ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਮਲੇ ’ਚ ਨਾਮਜ਼ਦ ਬਾਕੀ ਮੁਲਜ਼ਮਾਂ ਦੀ ਚੱਲ ਤੇ ਅਚੱਲ ਜਾਇਦਾਦ ਨੂੰ ਅਟੈਚ ਕਰਨ ਲਈ ਪ੍ਰੋਸੈੱਸ ਚੱਲ ਰਹੀ ਹੈ।
ਜੇਸੀਪੀ ਰੂਰਲ ਰਵਚਰਨ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁਲਜ਼ਮਾਂ ਦੀ ਜਾਇਦਾਦ ਅਟੈਚ ਕਰਵਾ ਦਿੱਤੀ ਗਈ ਹੈ। ਹਾਲੇ ਅਦਾਲਤ ਨੇ ਇਹ ਜਾਇਦਾਦਾਂ ਸੀਜ਼ ਕਰਨ ਦੇ ਹੁਕਮ ਨਹੀਂ ਦਿੱਤੇ ਹਨ, ਜੇਕਰ ਹੁਕਮ ਆਉਂਦੇ ਹਨ ਤਾਂ ਇਨ੍ਹਾਂ ’ਤੇ ਅਮਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਵਿਧਾਇਕ ਬੈਂਸ ’ਤੇ ਔਰਤ ਨਾਲ ਜਬਰ-ਜਨਾਹ ਦੇ ਦੋਸ਼ ਹਨ।