ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਦੇ ਬਾਬਾ ਗੁਰਮੁਖ ਸਿੰਘ ਹਾਲ ਵਿੱਚ ਨਵੇਂ ਵਿਦਿਅਕ ਵਰ੍ਹੇ 2022-23 ਦੀ ਪਹਿਲੀ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਕਾਲਜ ਵਿੱਚ ਦਾਖਲ ਹੋਈਆਂ ਨਵੀਆਂ ਵਿਦਿਆਰਥਣਾਂ ਨੂੰ ਜੀ ਆਇਆ ਕਿਹਾ ਗਿਆ ਤੇ ਨਾਲ ਹੀ ਉਨ੍ਹਾਂ ਨੂੰ ਕਾਲਜ ਦੇ ਬਾਰੇ ਜਾਣਕਾਰੀ ਦਿੱਤੀ ਗਈ।
ਅੱਜ ਅਧਿਆਪਕ ਦਿਵਸ ਦੇ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਵਿਦਿਆਰਥਣਾਂ ਨੇ ਅਧਿਆਪਕਾਂ ਪ੍ਰਤੀ ਆਪਣੇ ਮਨ ਦੇ ਭਾਵ ਕਵਿਤਾ, ਭਾਸ਼ਣ ਤੇ ਗੀਤ ਗਾ ਕੇ ਪੇਸ਼ ਕੀਤੇ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ.ਰਾਜੇਸ਼ਵਰਪਾਲ ਕੌਰ ਨੇ ਕਾਲਜ ਵਿੱਚ ਨਵੀਆਂ ਦਾਖਲ ਹੋਈਆਂ ਵਿਦਿਆਰਥਣਾਂ ਨੂੰ ਜੀ ਆਇਆ ਕਿਹਾ।
ਉਨ੍ਹਾਂ ਆਉਣ ਵਾਲੇ ਸਮੇਂ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਸਾਡੀਆਂ ਵਿਦਿਆਰਥਣਾਂ ਸਿੱਖਿਆ, ਖੇਡ ਤੇ ਸਭਿਆਚਾਰਕ ਆਦਿ ਸਾਰੇ ਖੇਤਰਾਂ ਵਿੱਚ ਕਾਮਯਾਬ ਹੋ ਕੇ ਖੂਬ ਨਾਮ ਕਮਾਉਣ ਤੇ ਕਾਲਜ ਦਾ ਨਾਮ ਰੋਸ਼ਨ ਕਰਨ। ਮੈਡਮ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਸਾਨੂੰ ਗੁਰੂ ਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਆਪਣੇ ਕਰੱਤਵਾਂ ਦਾ ਪਾਲਣ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ.ਰਣਜੋਧ ਸਿੰਘ ਤੇ ਜਨਰਲ ਸਕੱਤਰ ਸ.ਗੁਰਚਰਨ ਸਿੰਘ ਲੋਟੇ ਨੇ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਭੇਜੀਆਂ। ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਹਿੱਤ ਗੁਰਜਸ਼ਨ ਥੀਏਟਰ ਗਰੁੱਪ ਵੱਲੋਂ “ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ” ਨੁੱਕੜ ਨਾਟਕ ਪੇਸ਼ ਕੀਤਾ ਗਿਆ।