ਪੰਜਾਬੀ

ਸਕੂਲ ਦੇ ਬਾਥਰੂਮ ‘ਚੋਂ ਮਿਲਿਆ ਬੇਹੋਸ਼ ਬੱਚਾ, ਮਾਮਲੇ ਦੀ ਜਾਂਚ ਵਿਚ ਜੁਟੀ ਪੁਲਿਸ

Published

on

ਲੁਧਿਆਣਾ : ਲੁਧਿਆਣਾ ਸ਼ਹਿਰ ਦੇ ਪਿੰਡ ਸੁਨੇਤ ਸਥਿਤ ਪ੍ਰਾਇਮਰੀ ਸਕੂਲ ਦੇ ਬਾਥਰੂਮ ਵਿਚ 7 ਸਾਲਾ ਵਿਦਿਆਰਥੀ ਬੇਹੋਸ਼ ਮਿਲਿਆ। ਸਕੂਲ ਦੇ ਸਟਾਫ ਨੇ ਉਸ ਨੂੰ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਵਿਦਿਆਰਥੀ ਵੈਂਟੀਲੇਟਰ ‘ਤੇ ਹੈ। ਛੁੱਟੀ ਤੋਂ ਬਾਅਦ ਜਦੋਂ ਬੇਟਾ ਘਰ ਨਾ ਪਹੁੰਚਿਆ ਤਾਂ ਉਸ ਦੀ ਮਾਂ ਉਸ ਦੀ ਭਾਲ ਕਰਦੇ ਹੋਏ ਸਕੂਲ ਪਹੁੰਚੀ। ਉਸ ਨੂੰ ਸਕੂਲ ਪਹੁੰਚਣ ‘ਤੇ ਪਤਾ ਲੱਗਾ ਕਿ ਬੇਟੇ ਨੂੰ ਰਘੁਨਾਥ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਰਾਭਾ ਨਗਰ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਵਿਦਿਆਰਥੀ ਦੀ ਪਛਾਣ ਮੁਹੰਮਦ ਮਹਿਫੂਜ਼ ਵਜੋਂ ਹੋਈ ਹੈ। ਮਹਿਫੂਜ਼ ਦੂਜੀ ਕਲਾਸ ਦਾ ਵਿਦਿਆਰਥੀ ਹੈ। ਸਕੂਲ ਸਟਾਫ ਮੁਤਾਬਕ ਦੁਪਹਿਰ ਵਿਚ ਲੜਕਾ ਬਾਥਰੂਮ ਗਿਆ ਸੀ। ਜਦੋਂ ਉਹ ਵਾਪਸ ਨਹੀਂ ਆਇਆ ਤਾਂ ਸਕੂਲ ਸਟਾਫ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਸ ਨੂੰ ਬਾਥਰੂਮ ਵਿਚ ਬੇਹੋਸ਼ ਦੇਖਿਆ ਤੇ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਦੀ ਹਾਲਤ ਦੇਖ ਕੇ ਉਸ ਨੂੰ DMCH ਰੈਫਰ ਕਰ ਦਿੱਤਾ।

ਸਕੂਲ ਦੇ ਟੀਚਰ ਹਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਦਫਤਰ ਵਿਚ ਮੌਜੂਦ ਸਨ। ਇਸੇ ਦੌਰਾਨ ਇਕ ਟੀਚਰ ਹਰਪ੍ਰੀਤ ਕੌਰ ਨੇ ਉਨ੍ਹਾਂ ਨੂੰ ਵਿਦਿਆਰਥੀ ਬਾਰੇ ਦੱਸਿਆ। ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤੇ ਆਪਣੀ ਜੇਬ ਵਿਚੋਂ ਹਸਪਤਾਲ ਦੇ ਬਿੱਲਾਂ ਦਾ ਭੁਗਤਾਨ ਵੀ ਕੀਤਾ। ਹਰਜੀਤ ਸਿੰਘ ਨੇ ਕਿਹਾ ਕਿ ਸਕੂਲ ਵਿਚ ਸੀਸੀਟੀਵੀ ਲੱਗੇ ਹਨ ਪਰ ਜਿਸ ਏਰੀਏ ਵਿਚ ਲੜਕਾ ਬੇਹੋਸ਼ ਦੇਖਿਆ ਗਿਆ ਉਹ ਸੀਸੀਟੀਵੀ ਦੀ ਕਵਰੇਜ ਵਿਚ ਨਹੀਂ ਹੈ।

ਸਕੂਲ ਸਟਾਫ ਨੇ ਦੱਸਿਆ ਕਿ ਬਾਥਰੂਮ ਨੇੜੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਜਿਸ ਕਾਰਨ ਉਥੇ ਕੈਮਰੇ ਵੀ ਕੰਮ ਨਹੀਂ ਕਰ ਰਹੇ ਸਨ। ਐੱਸਐੱਚਓ ਸਤਬੀਰ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Facebook Comments

Trending

Copyright © 2020 Ludhiana Live Media - All Rights Reserved.