ਖੇਤੀਬਾੜੀ

ਖੇਤੀਬਾੜੀ ਮੰਤਰੀ ਵਲੋਂ ਪੈਡੀ ਟ੍ਰਾਂਸਪਲਾਂਟਰ ਰਾਹੀਂ ਝੋਨਾ ਲਗਾਉਣ ਦੀ ਵਿਧੀ ਦੀ ਕੀਤੀ ਸਮੀਖਿਆ

Published

on

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨ ਵੀਰਾਂ ਨੂੰ ਘੱਟ ਖਰਚੇ ‘ਤੇ ਵਧੇਰੇ ਉਤਪਾਦਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਤੇ ਕੋਟਲੀ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਪੈਡੀ ਟ੍ਰਾਂਸਪਲਾਂਟਰ ਰਾਹੀਂ ਝੋਨਾ ਲਗਾਉਣ ਦੀ ਵਿਧੀ ਦੀ ਸਮੀਖਿਆ ਕੀਤੀ।

ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਕੇ.ਐਨ.ਐਸ. ਕੰਗ, ਮੁੱਖ ਖੇਤੀਬਾੜੀ ਅਫਸਰ ਡਾ. ਨਰਿੰਦਰ ਸਿੰਘ ਬੈਨੀਪਾਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਖੁੱਡੀਆਂ ਵਲੋਂ ਅਗਾਂਹਵਧੂ ਕਿਸਾਨ ਤਪਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਕਿਸਾਨ ਵਲੋਂ ਪਿਛਲੇ 5 ਸਾਲਾਂ ਤੋਂ ਪੈਡੀ ਟ੍ਰਾਂਸਪਲਾਂਟਰ ਰਾਹੀਂ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਕਿਸਾਨ ਵਲੋਂ ਜਿੱਥੇ ਲੇਬਰ ਦਾ ਖਰਚਾ ਬਚਾਇਆ ਜਾ ਰਿਹਾ ਹੈ ਉੱਥੇ ਹੀ ਢਾਈ ਤੋਂ ਤਿੰਨ ਕੁਇੰਟਲ ਪ੍ਰਤੀ ਏਕੜ ਝਾੜ ਦਾ ਲਾਭ ਵੀ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਗਾਂਹਵਧੂ ਕਿਸਾਨ ਵਲੋਂ ਹੋਰਨਾਂ ਕਿਸਾਨ ਵੀਰਾਂ ਨੂੰ ਵੀ ਪਨੀਰੀ ਦਿੱਤੀ ਜਾ ਰਹੀ ਹੈ ਅਤੇ ਇਸ ਵਿਧੀ ਨੂੰ ਅਪਣਾਉਣ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਵਾਤਾਵਰਣ ਪੱਖੀ ਕਿਸਾਨ ਵਲੋਂ ਹੋਰਨਾਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜ੍ਹਨ ਤੋਂ ਗੁਰੇਜ਼ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਆਉਣੀ ਵਾਲੀ ਪੰਜਾਬ ਦੀ ਖੇਤੀ ਨੀਤੀ ਵਿੱਚ ਵਿਗਿਆਨੀਆਂ, ਮਾਹਿਰਾਂ ਤੋਂ ਇਲਾਵਾ ਕਿਸਾਨ ਭਰਾਵਾਂ ਦੇ ਤਜ਼ਰਬੇ ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਲਈ ਸਮੇਂ ਸਿਰ ਪਾਣੀ, ਖੇਤੀਬਾੜੀ ਮਸ਼ੀਨਰੀ ‘ਤੇ ਸਬਸਿਡੀ ਤੋਂ ਇਲਾਵਾ ਹਰ ਸੰਭਵ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

Facebook Comments

Trending

Copyright © 2020 Ludhiana Live Media - All Rights Reserved.