ਪੰਜਾਬ ਨਿਊਜ਼

ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਅਤੇ ਦੇਸ਼ ਭਗਤ ਯੂਨੀਵਰਸਿਟੀ ਵਿਚਾਲੇ ਹੋਇਆ ਸਮਝੌਤਾ

Published

on

ਲੁਧਿਆਣਾ : ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਸ. ਅਰਵਿੰਦਰ ਸਿੰਘ, ਆਨਰੇਰੀ ਜਨਰਲ ਸਕੱਤਰ ਵੱਲੋਂ ਕੌਂਸਲ ਦੀ ਯੋਗ ਅਗਵਾਈ ਅਧੀਨ ਚਲ ਰਹੀਆਂ ਵਿੱਦਿਅਕ ਸੰਸਥਾਵਾਂ ਨੂੰ ਅਕਾਦਮਿਕ ਖੇਤਰ ਵਿਚ ਨਵੀ ਸੇਧ ਦੇਣ, ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ, ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫਰੰਸਾਂ ਨੂੰ ਆਯੋਜਿਤ ਕਰਨ, ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਕਾਦਮਿਕ ਤੌਰ ਉਪਰ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਪੈਦਾ ਕਰਨ ਲਈ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਨਾਲ ਆਪਸੀ ਸਹਿਯੋਗ ਅਤੇ ਤਾਲਮੇਲ ਨੂੰ ਵਧਾਉਣ ਲਈ ਪਰਸਪਰ ਸਮਝੌਤਾ ਕੀਤਾ ਗਿਆ।

ਇਸ ਸਮਝੌਤੇ ਦੇ ਤਹਿਤ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਅਧੀਨ ਚਲ ਰਹੀਆਂ ਵਿੱਦਿਅਕ ਸੰਸਥਾਵਾਂ ਦੇਸ਼ ਭਗਤ ਯੂਨੀਵਰਸਿਟੀ ਨਾਲ ਮਿਲ ਕੇ ਆਉਣ ਵਾਲੇ ਸਮੇਂ ਵਿਚ ਅਕਾਦਮਿਕ ਖੇਤਰ ਵਿਚ ਇਕ ਵਿਸਥਾਰਪੂਰਵਕ ਰਣਨੀਤੀ ਉਲੀਕਣਗੇ, ਜਿਸ ਦਾ ਮਨੋਰਥ ਦੋਨਾਂ ਸੰਸਥਾਵਾਂ ਵਿਚ ਅਧਿਆਪਨ ਅਤੇ ਖੋਜ ਕਾਰਜਾਂ ਨੂੰ ਨਵੀਆਂ ਬੁਲੰਦੀਆਂ ਤਕ ਪਹੁੰਚਾਉਣਾ ਹੋਵੇਗਾ।

ਵਧੇਰੇ ਜਾਣਕਾਰੀ ਦਿੰਦੇ ਹੋਏ ਡਾ. ਸ. ਪ. ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯੂਨੀਵਰਸਿਟੀ ਅਤੇ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਅਧੀਨ ਚਲ ਰਹੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਸਾਂਝੇ ਤੌਰ ਉਪਰ ਨੇੜਲੇ ਭਵਿੱਖ ਵਿੱਚ ਸਾਇੰਸ, ਆਰਟਸ, ਕਾਮਰਸ, ਸੋਸ਼ਲ ਸਾਇਸਿੰਜ਼ ਅਤੇ ਕੰਪਿਊਟਰ ਸਾਇੰਸ ਆਦਿ ਦੇ ਖੇਤਰਾਂ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉਪਰ ਖੋਜ ਕਾਰਜਾਂ ਨੂੰ ਬੜਾਵਾ ਦੇਣ ਲਈ ਵਚਨਬੱਧ ਹੋਣਗੀਆਂ। ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਅਧੀਨ ਚਲ ਰਹੀਆਂ ਸੰਸਥਾਵਾਂ ਦੇ ਅਧਿਆਪਕ ਦੇਸ਼ ਭਗਤ ਯੂਨੀਵਰਸਿਟੀ ਵਿਚ ਨਿਗਰਾਨ ਵਜੋਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਪੀ. ਐਚ.ਡੀ ਕਰਵਾਉਣ ਅਤੇ ਪਰਵਾਸੀ ਸਾਹਿਤ ਦੇ ਖੇਤਰ ਵਿਚ ਆਪਸੀ ਤਾਲਮੇਲ ਵਧਾਉਣ ਲਈ ਕਾਰਗਰ ਕਦਮ ਚੁੱਕਣਗੀਆਂ।

ਇਸ ਮੌਕੇ ਤੇ ਸ. ਅਰਵਿੰਦਰ ਸਿੰਘ, ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਕਿਹਾ ਕਿ ਇਹ ਸਮਝੌਤਾ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਵਿੱਦਿਅਕ ਸੰਸਥਾਵਾਂ ਦੇ ਅਕਾਦਮਿਕ ਵਿਕਾਸ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਨੇ ਇਸ ਗੱਲ ਦੀ ਖੁਸ਼ੀ ਤੇ ਤੱਸਲੀ ਜ਼ਾਹਿਰ ਕੀਤੀ ਕਿ ਗੁਜਰਾਂਵਾਲਾ ਖ਼ਾਲਸਾ ਕੌਂਸਲ ਦੇ ਅਧੀਨ ਚਲ ਰਹੀਆਂ ਵਿੱਦਿਅਕ ਸੰਸਥਾਵਾਂ ਵਿਚ ਖੋਜ ਕਾਰਜਾਂ ਦੇ ਮਹੱਤਵ ਨੂੰ ਸਮਝਦੇ ਹੋਏ ਸਮੂਹ ਅਧਿਆਪਕਾਂ ਵਲੋਂ ਬੇਹੱਦ ਸਾਰਥਕ ਤੇ ਸਾਕਾਰਾਤਮਕ ਭੂਮਿਕਾ ਨਿਭਾਈ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.