ਲੁਧਿਆਣਾ : ਨਸ਼ੇ ਦੀ ਪੂਰਤੀ ਕਰਨ ਲਈ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਫਰਜ਼ੀ ਦਸਤਖਤ ਕਰਕੇ ਉਸਦਾ ਐਕਟਿਵਾ ਸਕੂਟਰ ਵੇਚ ਦਿੱਤਾ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਬਸੰਤ ਨਗਰ ਬੱਗੀ ਸਟੈਂਡ ਦੀ ਰਹਿਣ ਵਾਲੀ ਹਰਜੀਤ ਕੌਰ ਦੇ ਬਿਆਨ ‘ਤੇ ਉਸ ਦੇ ਪਤੀ ਖੰਨਾ ਰੋਡ ਸਮਰਾਲਾ ਦੇ ਵਾਸੀ ਰਾਜਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਹਰਜੀਤ ਕੌਰ ਨੇ ਦੱਸਿਆ ਕਿ ਸਾਲ 2009 ਵਿੱਚ ਉਸ ਦਾ ਵਿਆਹ ਰਾਜਵੀਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਔਰਤ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੈ। ਔਰਤ ਨੇ ਦੱਸਿਆ ਕਿ ਉਸ ਕੋਲ ਇੱਕ ਐਕਟਿਵਾ ਸਕੂਟਰ ਸੀ। ਸਾਲ ਦੀ ਸ਼ੁਰੂਆਤ ‘ਚ ਉਸ ਨੇ ਦੇਖਿਆ ਕਿ ਘਰ ਵਿਚ ਐਕਟਿਵਾ ਸਕੂਟਰ ਮੌਜੂਦ ਨਹੀਂ ਸੀ। ਔਰਤ ਨੇ ਜਦ ਇਸ ਸਬੰਧੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਸਕੂਟਰ ਵੇਚ ਦਿੱਤਾ ਗਿਆ ਹੈ।
ਰਾਜਵੀਰ ਸਿੰਘ ਨੇ ਆਪਣੀ ਪਤਨੀ ਦੇ ਫਰਜ਼ੀ ਦਸਤਖਤ ਕਰ ਕੇ ਮਾਛੀਵਾੜਾ ਦੀ ਇੱਕ ਆਟੋਮੋਬਾਈਲ ਏਜੰਸੀ ਨੂੰ ਹਰਜੀਤ ਕੌਰ ਦਾ ਸਕੂਟਰ ਵੇਚ ਦਿੱਤਾ ਸੀ। ਇਸ ਸਬੰਧੀ ਹਰਜੀਤ ਕੌਰ ਨੇ 21 ਜਨਵਰੀ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਤਕ ਚੱਲੀ ਪੜਤਾਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਰਾਜਵੀਰ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।