ਲੁਧਿਆਣਾ : ਕੱਪੜਾ ਫੈਕਟਰੀਆਂ ਨੂੰ ਨਿਸ਼ਾਨਾ ਬਣਾ ਕੇ ਮਹਿੰਗਾ ਕੱਪੜਾ ਚੋਰੀ ਕਰਨ ਵਾਲੇ ਗੈਂਗ ਦੇ ਮੈਂਬਰ ਪੁਲਿਸ ਪਾਰਟੀ ਦੇ ਹੱਥ ਆਉਂਦੇ ਆਉਂਦੇ ਰਹਿ ਗਏ। ਹਾਲਾਂਕਿ ਥਾਣਾ ਮੇਹਰਬਾਨ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਨਾਕਾਬੰਦੀ ਵਿਚ ਮੁਲਜ਼ਮ ਆਪਣੇ ਕਾਰ ਮੌਕੇ ਤੇ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ। ਬਹਿਰਹਾਲ ਪੁਲਿਸ ਨੇ ਕਾਰ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਸ਼ਨਾਖ਼ਤ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ।
ਥਾਣਾ ਮੇਹਰਬਾਨ ਦੇ ਸਹਾਇਕ ਥਾਣੇਦਾਰ ਤਰਨਜੀਤ ਸਿੰਘ ਮੁਤਾਬਕ ਪੁਲਿਸ ਨੂੰ ਗੁਪਤ ਰੂਪ ਵਿਚ ਸੂਚਨਾ ਮਿਲੀ ਸੀ ਕਿ ਕੱਪੜਾ ਫੈਕਟਰੀਆਂ ਵਿੱਚੋਂ ਚੋਰੀ ਕਰਨ ਵਾਲੇ ਗੈਂਗ ਦੇ ਮੈਂਬਰ ਪਿੰਡ ਸੀੜਾ ਦੇ ਨਜ਼ਦੀਕ ਫੈਕਟਰੀਆਂ ਦੀ ਰੇੈਕੀ ਕਰ ਰਹੇ ਹਨ। ਉਕਤ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਪਾਰਟੀਆਂ ਪਿੰਡ ਢੇਰੀ ਦੇ ਨਜ਼ਦੀਕ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਤਾਂ ਸਫੇਦ ਰੰਗ ਦੀ ਫੋਰਸ ਗੱਡੀ ਦੇ ਸਵਾਰ ਪੁਲਿਸ ਨਾਕਾ ਵੇਖ ਕੇ ਆਪਣਾ ਵਾਹਨ ਮੌਕੇ ‘ਤੇ ਹੀ ਛੱਡਣ ਮਗਰੋਂ ਫ਼ਰਾਰ ਹੋ ਨਿਕਲੇ।