ਖੇਤੀਬਾੜੀ

ਕਣਕ ਦੀ ਸਰਫੇਸ ਸੀਡਿੰਗ ਤਕਨਾਲੋਜੀ ਦੀ ਜਾਂਚ ਲਈ ਕੀਤਾ ਦੌਰਾ 

Published

on

 ਲੁਧਿਆਣਾ :  ਪਰਾਲੀ ਸਾੜਨ ਨੂੰ ਰੋਕਣ ਲਈ ਪੀਏਯੂ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਸਿਲਸਿਲੇ ਵਿਚ ਵਿਕਸਤ ਅਤੇ ਸਿਫ਼ਾਰਸ਼ ਕੀਤੀ ਗਈ ਕਣਕ ਦੀ ਨਵੀਂ ਸਰਫੇਸ ਸੀਡਿੰਗ ਤਕਨਾਲੋਜੀ ਰਾਜ ਦੇ ਕਿਸਾਨਾਂ ਲਈ ਇੱਕ ਵਰਦਾਨ ਬਣ ਗਈ ਹੈ।
ਪੰਜਾਬ ਦੇ ਛੇ ਜ਼ਿਲ੍ਹਿਆਂ  ਮੋਗਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਦਾ ਦੌਰਾ ਕਰਦਿਆਂ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਖੇਤੀਬਾੜੀ ਵਿਗਿਆਨੀਆਂ ਦੀ ਟੀਮ ਦੇ ਨਾਲ, ਦੇਖਿਆ ਕਿ ਕਣਕ ਦੀ ਫਸਲ ਬਿਨਾਂ ਢਹੇ ਖੜ੍ਹੀ ਹੈ ਅਤੇ ਇਸਨੇ ਖਰਾਬ ਮੌਸਮ ਦਾ ਵੀ ਸਾਹਮਣਾ ਸਫਲਤਾ ਨਾਲ ਕੀਤਾ ਹੈ।
ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਿਧੀ ਨਾਲ ਇੱਕ ਜਾਂ ਦੋ ਸਿੰਚਾਈਆਂ ਦੀ ਬੱਚਤ, ਬਿਨਾਂ ਮਹਿੰਗੀ ਮਸ਼ੀਨਰੀ ਦੇ ਆਸਾਨੀ ਨਾਲ ਕਾਸ਼ਤ ਅਤੇ ਨਦੀਨਾਂ ਦਾ ਘੱਟ ਜੰਮ ਦੇਖਣ ਵਿਚ ਆਇਆ ਹੈ। ਕਿਸਾਨ ਸਰਫੇਸ ਸੀਡਿੰਗ ਤਕਨਾਲੋਜੀ ਤੋਂ ਬਹੁਤ ਸੰਤੁਸ਼ਟ ਸਨ ਅਤੇ ਭਵਿੱਖ ਵਿੱਚ ਇਸ ਨੂੰ ਹੋਰ ਫੈਲਾਉਣ ਲਈ ਦ੍ਰਿੜ ਸਨ।
 ਪਿੰਡ ਸਲੇਣਾ ਜ਼ਿਲ੍ਹਾ ਮੋਗਾ ਦੇ ਕਿਸਾਨ ਤਰਸੇਮ ਸਿੰਘ, ਜਿਸ ਨੇ ਆਪਣੀ ਪੰਜ ਏਕੜ ਜ਼ਮੀਨ ‘ਤੇ ਸਰਫੇਸ ਸੀਡਿੰਗ ਤਕਨੀਕ ਅਪਣਾਈ ਹੋਈ ਸੀ, ਦੇ ਖੇਤ ਦਾ ਦੌਰਾ ਕਰਨ ਸਮੇਂ ਫ਼ਸਲ ਬਿਨਾਂ ਢਹੇ ਸਿਹਤਮੰਦ ਪਾਇਆ ਗਿਆ। ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਦੇ ਅਧਿਕਾਰੀਆਂ ਨੇ ਵੀ ਹਾਂ ਪੱਖੀ ਨਤੀਜਿਆਂ ਦੀ ਜਾਣਕਾਰੀ ਦਿੱਤੀ, ਜਿਸ ਨਾਲ ਫਸਲ ਬੁਰੇ ਮੌਸਮ ਵਿਚ ਵੀ ਅਡੋਲ ਖੜ੍ਹੀ ਰਹੀ।
ਇੱਕ ਹੋਰ ਕਿਸਾਨ ਗੁਰਬਚਨ ਸਿੰਘ ਨੇ ਆਪਣੀ 32 ਏਕੜ ਕਣਕ ਅਤੇ ਇੱਕ ਏਕੜ ਗੋਭੀ ਸਰ੍ਹੋਂ ਦੇ ਖੇਤਾਂ ਵਿਚ ਸਰਫੇਸ ਸੀਡਿੰਗ ਦੀ ਵਰਤੋਂ ਦਿਖਾਈ ਅਤੇ ਕਿਹਾ ਕਿ ਇਸ ਤਕਨੀਕ ਨਾਲ ਬਿਨਾਂ ਡਿੱਗੇ ਵਧੀਆ ਫ਼ਸਲ ਸਾਮ੍ਹਣੇ ਆਈ ਹੈ ਜੋ ਸਿਹਤਮੰਦ ਅਤੇ ਨਦੀਨ ਰਹਿਤ ਹੈ ।  ਗੁਰਬਚਨ ਸਿੰਘ ਨੇ ਪਿਛਲੇ ਸਾਲ ਇੱਕ ਏਕੜ ਵਿੱਚ ਇਹ ਤਕਨੀਕ ਅਪਣਾਈ ਸੀ ਅਤੇ ਇਸ ਵਾਰ 32 ਏਕੜ ਤੱਕ ਵਧਾ ਦਿੱਤੀ ਹੈ।
 ਆਪਣੀ ਟਿੱਪਣੀ ਵਿੱਚ ਡਾ. ਗੋਸਲ ਨੇ ਦੇਖਿਆ ਕਿ ਹੋਰ ਛੇ ਜ਼ਿਲ੍ਹਿਆਂ ਦੇ ਇਸ ਦੂਜੇ ਦੌਰੇ ਵਿੱਚ ਵੀ ਸਰਫੇਸ ਸੀਡਿੰਗ ਤਕਨਾਲੋਜੀ ਨਾਲ ਬੀਜੀ ਗਈ ਫਸਲ ਕਿਤੇ ਵੀ ਨਹੀਂ ਡਿਗੀ ਅਤੇ ਨਾਲ ਹੀ ਸੰਘਣੇ ਮਲਚ ਕਾਰਨ ਇੱਕ ਸਿੰਚਾਈ ਦੀ ਬੱਚਤ ਅਤੇ ਨਦੀਨ ਨਾਸ਼ਕਾਂ ਦੇ ਛਿੜਕਾਅ ਦੀ ਬਚਤ ਦੇਖੀ ਗਈ ਹੈ। ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਨੇ ਕਿਸਾਨਾਂ ਨੂੰ ਇਸ ਤਕਨਾਲੋਜੀ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਪੂਰੀ ਤਕਨੀਕੀ ਸਹਾਇਤਾ ਅਤੇ ਸਿਖਲਾਈ ਦੇਣ ਦਾ ਭਰੋਸਾ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.