ਬਟਾਲਾ : ਥਾਣਾ ਬਟਾਲਾ ਅਧੀਨ ਪੈਂਦੇ ਕਸਬਾ ਫਤਿਹਗੜ੍ਹ ਚੂੜੀਆਂ ਵਿੱਚ ਰੇਲਵੇ ਰੋਡ ’ਤੇ ਸਥਿਤ ਕਰਨ ਪੈਲੇਸ ਵਿੱਚ ਅੱਗ ਲੱਗ ਗਈ, ਜਿਸ ਕਾਰਨ ਪੈਲੇਸ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੈਲੇਸ ‘ਚ ਭਿਆਨਕ ਅੱਗ ਦਾ ਨਜ਼ਾਰਾ ਦੇਖ ਕੇ ਵੱਡੀ ਗਿਣਤੀ ‘ਚ ਪੁਲਸ ਅਤੇ ਸਥਾਨਕ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਹਫੜਾ-ਦਫੜੀ ਮਚ ਗਈ।
ਜਾਣਕਾਰੀ ਦਿੰਦੇ ਹੋਏ ਮਾਲਕ ਤਰਸੇਮ ਸਿੰਘ ਦੇ ਭਤੀਜੇ ਗੁਰਿੰਦਰਬੀਰ ਸਿੰਘ ਰਾਜੂ ਨੇ ਦੱਸਿਆ ਕਿ ਪੈਲੇਸ ‘ਚ ਵਿਆਹ ਸਮਾਗਮ ਬੰਦ ਹੋਣ ਕਾਰਨ ਪੈਲੇਸ ਅਜੇ ਵੀ ਬੰਦ ਹੈ। ਸਵੇਰੇ ਪੈਲੇਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਜਦੋਂ ਪੈਲੇਸ ‘ਚੋਂ ਕਾਫੀ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਤੁਰੰਤ ਫੋਨ ਕਰਕੇ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।