ਪੰਜਾਬੀ
ਜਗਰਾਉਂ ਦੇ ਰੌਸ਼ਨੀ ਮੇਲੇ ‘ਚ 2 ਸਾਲਾਂ ਬਾਅਦ ਵੱਡੀ ਗਿਣਤੀ ‘ਚ ਪੁੱਜੇ ਸ਼ਰਧਾਲੂ
Published
3 years agoon

ਜਗਰਾਉਂ : ਵਿਸ਼ਵ ਪ੍ਰਸਿੱਧ ਅਤੇ ਸ਼ਰਧਾ ਦਾ ਪ੍ਰਤੀਕ ਜਗਰਾਉਂ ਦੇ ਇਤਿਹਾਸਕ ਰੌਸ਼ਨੀ ਮੇਲੇ ਦੇ ਦੂਸਰੇ ਦਿਨ ਸ਼ਰਧਾਲੂਆਂ ਅਤੇ ਮੇਲੀਆਂ ਦੀ ਖੂਬ ਰੌਣਕ ਦੇਖਣ ਨੂੰ ਮਿਲੀ। ਵੱਖ-ਵੱਖ ਖੇਤਰਾਂ ‘ਚੋਂ ਟੋਲੀਆਂ ਬਣਾ ਕੇ ਅਤੇ ਢੋਲ ਦੀ ਤਾਲ ‘ਤੇ ਨੱਚਦੇ ਸ਼ਰਧਾਲੂ ਜਗਰਾਉਂ ਦੇ ਰੌਸ਼ਨੀ ਮੇਲੇ ‘ਚ ਪਹੁੰਚ ਰਹੇ ਹਨ।
ਕੋਰੋਨਾ ਕਾਲ ਦੌਰਾਨ ਮੇਲਿਆਂ ‘ਤੇ ਲੱਗੀਆਂ ਰਹੀਆਂ ਪਾਬੰਦੀਆਂ ਕਾਰਨ 2 ਸਾਲਾਂ ਬਾਅਦ ਜਗਰਾਉਂ ਦੇ ਰੌਸ਼ਨੀ ਮੇਲੇ ‘ਚ ਇਸ ਵਾਰ ਮੁੜ ਤੋਂ ਰੌਣਕਾਂ ਲੱਗ ਗਈਆਂ ਹਨ। ਰੌਸ਼ਨੀ ਮੇਲੇ ‘ਚ ਦੇਸ਼ ਭਰ ਤੋਂ ਸ਼ਰਧਾਲੂ ਅਤੇ ਮੇਲਾ ਦੇਖਣ ਵਾਲੇ ਲੋਕ ਵੱਡੀ ਗਿਣਤੀ ‘ਚ ਪਹੁੰਚਣ ਕਾਰਨ ਜਗਰਾਉਂ ਸ਼ਹਿਰ ਦੇ ਬਜ਼ਾਰ ਖਾਸਕਰ ਝਾਂਸੀ ਚੌਕ, ਕਮਲ ਚੌਕ, ਪੁਰਾਣੀ ਸ਼ਬਜੀ ਮੰਡੀ ਸੜਕ, ਡਿਸਪੋਜ਼ਲ ਰੋਡ ‘ਤੇ ਜ਼ਿਆਦਾ ਭੀੜ ਹੋਣ ਕਾਰਨ ਪ੍ਰਸ਼ਾਸਨ ਵਲੋਂ ਉਪਰੋਕਤ ਰੋਡ ਆਮ ਟੈ੍ਰਫ਼ਿਕ ਲਈ ਬੰਦ ਕਰ ਦਿੱਤੇ ਹਨ।
ਜਗਰਾਉਂ ਦੇ ਰੌਸ਼ਨੀ ਮੇਲੇ ‘ਚ ਇਸ ਵਾਰ ਵੱਡੀ ਗਿਣਤੀ ‘ਚ ਚੰਡੋਲਾਂ, ਝੂਲੇ ਅਤੇ ਹੋਰ ਮਨੋਰੰਜ਼ਨ ਦੇ ਸਾਧਨ ਦਾ ਲੋਕ ਅਨੰਦ ਮਾਣ ਰਹੇ ਹਨ। ਪੁਰਾਣੀ ਸ਼ਬਜੀ ਮੰਡੀ ਰੋਡ ਅਤੇ ਡਿਸਪੋਜ਼ਲ ਰੋਡ ਦੇ ਦੋਨੋਂ ਪਾਸਿਆਂ ‘ਤੇ ਲੱਗੀਆਂ ਸੈਂਕੜਿਆਂ ਦੀ ਗਿਣਤੀ ‘ਚ ਵੱਖ-ਵੱਖ ਕਿਸਮ ਦੀ ਦੁਕਾਨਾਂ ‘ਤੇ ਮੇਲਾ ਦੇਖਣ ਆਏ ਲੋਕ ਖ਼ਰੀਦਦਾਰੀ ਕਰ ਰਹੇ ਹਨ। ਰੌਸ਼ਨੀ ਮੇਲੇ ‘ਚ 2 ਸਾਲ ਬਾਅਦ ਉਮੜੀ ਲੋਕਾਂ ਦੀ ਭੀੜ ਤੋਂ ਦੁਕਾਨਦਾਰ ਬੜੇ ਖੁਸ਼ ਨਜ਼ਰ ਆ ਰਹੇ।
ਇਸ ਦੌਰਾਨ ਪੀਰ ਬਾਬਾ ਮੋਹਕਦੀਨ ਦੀ ਦਰਗਾਹ ‘ਤੇ ਬੀਤੇ ਕੱਲ੍ਹ ਤੋਂ ਹਜ਼ਾਰਾਂ ਸ਼ਰਧਾਲੂਆਂ ਵਲੋਂ ਹਾਜ਼ਰੀ ਭਰੀ ਗਈ। ਅੱਜ 26 ਫਰਵਰੀ ਨੂੰ ਜਗਰਾਉਂ ਸ਼ਹਿਰ ਦੀ ਸਰਾਂ ‘ਚ ਸੱਭਿਆਚਾਰ ਦੀ ਸੱਥ ਜੁੜੇਗੀ। ਇਸ ਤੋਂ ਇਲਾਵਾ ਪੁਰਾਤਣ ਸਮੇਂ ਤੋਂ ਚੱਲਦੀ ਰੀਤ ਅਨੁਸਾਰ ਪਹਿਲਵਾਨਾਂ ਦੇ ਕੁਸ਼ਤੀ ਦੰਗਲ ਵੀ ਕਰਵਾਏ ਜਾ ਰਹੇ ਹਨ। ਮੇਲੇ ‘ਚ ਪਹੁੰਚੀਆਂ ਦੂਰ-ਦੁਰਾਡੇ ਦੀਆਂ ਸੰਗਤਾਂ ਲਈ ਵੱਖ-ਵੱਖ ਸਮਾਜਸੇਵੀਆਂ ਵਲੋਂ ਕਈ ਥਾਵਾਂ ‘ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।