ਜਲੰਧਰ : ਸ਼ਨੀਵਾਰ ਸਵੇਰੇ ਪੰਜਾਬੀ ਅਦਾਕਾਰ ਰਣਦੀਪ ਭੰਗੂ ਦੇ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਜਾਣ ਦੀ ਖਬਰ ਸਾਹਮਣੇ ਆਈ, ਜਿਸ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ। ਹਾਲਾਂਕਿ ਉਸ ਸਮੇਂ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਅਦਾਕਾਰ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ 32 ਸਾਲਾ ਅਦਾਕਾਰ ਰਣਦੀਪ ਸਿੰਘ ਭੰਗੂ ਦੀ ਆਪਣੀ ਹੀ ਇੱਕ ਵੱਡੀ ਗਲਤੀ ਕਾਰਨ ਮੌਤ ਹੋ ਗਈ। ਰਿਪੋਰਟਾਂ ਮੁਤਾਬਕ ਰਣਦੀਪ ਨੇ ਸ਼ਰਾਬ ਸਮਝ ਕੇ ਕੀਟਨਾਸ਼ਕ ਦਾ ਸੇਵਨ ਕਰ ਲਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ, ਅਭਿਨੇਤਾ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਪੁਲੀਸ ਰਣਦੀਪ ਸਿੰਘ ਭੰਗੂ ਦੀ ਮੌਤ ਦੀ ਜਾਂਚ ਕਰ ਰਹੀ ਹੈ। ਪੁਲਸ ਦੀ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਨਸ਼ੇ ਦੀ ਹਾਲਤ ਵਿੱਚ ਉਸ ਨੇ ਖੇਤ ਵਿੱਚ ਮੋਟਰ ’ਤੇ ਰੱਖੇ ਕੀਟਨਾਸ਼ਕ ਨੂੰ ਸ਼ਰਾਬ ਸਮਝ ਕੇ ਪੀ ਲਿਆ। ਇਸ ਤੋਂ ਬਾਅਦ ਉਸ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।