ਲੁਧਿਆਣਾ : 4 ਦਿਨ ਪਹਿਲਾਂ ਬੱਸ ਸਟੈਂਡ ਨੇੜੇ ਸਥਿਤ ਹੋਟਲ ਕੇ-7 ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰਨ ਵਾਲੇ ਨੌਜਵਾਨ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਪੁਲੀਸ ਨੇ ਮ੍ਰਿਤਕ ਹਰਮੀਤ ਦੇ ਚਾਚੇ ਅਤੇ ਮਾਮੇ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਬੱਸ ਸਟੈਂਡ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਬੀਤੀ 19 ਜੂਨ ਨੂੰ ਹਰਮੀਤ ਆਪਣੀ ਮਹਿਲਾ ਸਾਥੀ ਨਾਲ ਹੋਟਲ ਕੇ-7 ‘ਚ ਗਿਆ ਸੀ, ਜਿੱਥੇ ਦੋਵਾਂ ਵਿਚਾਲੇ ਤਕਰਾਰਬਾਜ਼ੀ ਹੋਈ ਅਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਹਰਮੀਤ ਆਪਣੀ ਮਹਿਲਾ ਸਾਥੀ ਦੇ ਵਿਆਹ ਤੋਂ ਕਾਫੀ ਪਰੇਸ਼ਾਨ ਸੀ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਉਸ ਨੇ ਮਾਨਸਿਕ ਸੰਤੁਲਨ ਗੁਆ ਕੇ ਹੋਟਲ ਦੀ ਚੌਥੀ ਮੰਜ਼ਿਲ ਦੀ ਛੱਤ ਤੋਂ ਛਾਲ ਮਾਰ ਦਿੱਤੀ | ਇੰਚਾਰਜ ਅਮਰਜੀਤ ਅਨੁਸਾਰ ਮ੍ਰਿਤਕ ਹਰਮੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਹਰਮੀਤ ਦੇ ਚਾਚਾ ਅਤੇ ਮਾਮਾ ਨਹੀਂ ਚਾਹੁੰਦੇ ਕਿ ਕੋਈ ਕਾਰਵਾਈ ਹੋਵੇ। ਲੜਕੀ ਦੇ ਪੱਖ ਤੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।