Connect with us

ਪੰਜਾਬੀ

ਬੇਸਹਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ SDM ਦਫ਼ਤਰ ਪੁੱਜੇ ਕਿਸਾਨ, ਅਧਿਕਾਰੀਆਂ ਨੇ ਬੰਦ ਕੀਤਾ ਮੁੱਖ ਗੇਟ

Published

on

Farmers reached the SDM office with trolleys of helpless animals, the officials closed the main gate

ਸਮਰਾਲਾ/ ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਸੂਬੇ ’ਚ ਲੱਖਾਂ ਦੀ ਗਿਣਤੀ ’ਚ ਘੁੰਮਦੇ ਬੇਸਹਾਰਾ ਪਸ਼ੂਆਂ ਦੀ ਸਮੱਸਿਆਂ ਨੂੰ ਲੈ ਕੇ ਸੂਬੇ ਭਰ ‘ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਸਵੇਰ ਤੋਂ ਹੀ ਐੱਸ. ਡੀ. ਐੱਮ. ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਟਰਾਲੀਆਂ ‘ਚ ਬੇਸਹਾਰਾ ਪਸ਼ੂਆਂ ਨੂੰ ਭਰ ਕੇ ਲਿਆਂਦਾ ਗਿਆ ਅਤੇ ਕਿਸਾਨਾਂ ਦਾ ਜ਼ੋਰਦਾਰ ਰੋਸ ਪ੍ਰਦਰਸ਼ਨ ਜਾਰੀ ਰਿਹਾ।

ਓਧਰ ਹਾਲਾਤ ਨੂੰ ਵੇਖਦੇ ਹੋਏ ਪ੍ਰਸਾਸ਼ਨ ਵੀ ਚੌਕਸ ਹੋ ਗਿਆ ਅਤੇ ਕਿਸਾਨਾਂ ਵੱਲੋਂ ਟਰਾਲੀਆਂ ‘ਚ ਲਿਆਂਦੇ ਇਨ੍ਹਾਂ ਪਸ਼ੂਆਂ ਨੂੰ ਐੱਸ. ਡੀ. ਐੱਮ. ਦੇ ਦਫ਼ਤਰ ਅਤੇ ਰਿਹਾਇਸ਼ ਵਿਖੇ ਵਾੜਨ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਲਈ ਦਫ਼ਤਰ ਦੇ ਮੁੱਖ ਗੇਟ ਨੂੰ ਅੰਦਰੋਂ ਬੰਦ ਕਰ ਲਿਆ ਗਿਆ। ਕਿਸਾਨ ਇਨ੍ਹਾਂ ਪਸ਼ੂਆਂ ਨੂੰ ਅੰਦਰ ਛੱਡਣ ਲਈ ਬਜਿੱਦ ਵਿਖਾਈ ਦੇ ਰਹੇ ਸਨ।

ਇਸ ਮੌਕੇ ਗੱਲਬਾਤ ਕਰਦਿਆ ਬੀ. ਕੇ. ਯੂ. ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਜੱਥੇਬੰਦੀ ਦੀ 8 ਜਨਵਰੀ ਨੂੰ ਹੋਈ ਸੂਬਾ ਪੱਧਰੀ ਮੀਟਿੰਗ ‘ਚ ਕਿਸਾਨਾਂ ਵੱਲੋਂ ਲੋਕਾਂ ਲਈ ਵੱਡੀ ਮੁਸ਼ਕਲ ਬਣੇ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਦਫ਼ਤਰਾਂ ‘ਚ ਛੱਡੇ ਜਾਣ ਦੀ ਚਿਤਵਾਨੀ ਦਿੱਤੀ ਗਈ ਸੀ। ਇਸ ਦੇ ਬਾਵਜੂਦ ਵੀ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਸਮੱਸਿਆ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕੇ ਗਏ।

ਉਨ੍ਹਾਂ ਕਿਹਾ ਕਿ ਜੇਕਰ ਪ੍ਰਸਾਸ਼ਨ ਐੱਸ. ਡੀ. ਐੱਮ. ਦਫ਼ਤਰ ਦੇ ਗੇਟ ਨਹੀਂ ਖੋਲ੍ਹਦਾ ਤਾਂ ਕਿਸਾਨ ਇਨ੍ਹਾਂ ਲਿਆਂਦੇ ਗਏ ਪਸ਼ੂਆਂ ਨੂੰ ਕੰਧਾਂ ਟਪਾ ਕੇ ਅੰਦਰ ਵਾੜਨ ਲਈ ਮਜ਼ਬੂਰ ਹੋਵੇਗਾ। ਉਨ੍ਹਾਂ ਖੇਤਾਂ ਲਈ 10 ਘੰਟੇ ਬਿਜਲੀ ਦੇਣ ਦੀ ਮੰਗ ਸਮੇਤ ਘਰੇਲੂ ਬਿਜਲੀ ’ਤੇ ਲਗਾਏ ਜਾਣ ਵਾਲੇ ਕੱਟ ਤੁਰੰਤ ਬੰਦ ਕਰਨ ਦੀ ਵੀ ਮੰਗ ਕੀਤੀ ਹੈ। ਬਾਅਦ ‘ਚ ਸਥਾਨਕ ਪ੍ਰਸਾਸ਼ਨ ਅਤੇ ਪੁਲਸ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਸ਼ਾਂਤ ਕਰਦੇ ਹੋਏ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਮੁਸ਼ਕਲ ਸਰਕਾਰ ਤੱਕ ਪਹੁੰਚਦੀ ਕਰਕੇ ਹੱਲ ਕੱਢਿਆ ਜਾਵੇਗਾ।

Facebook Comments

Trending