ਲੁਧਿਆਣਾ : ਸਥਾਨਕ ਸ਼ੇਰਪੁਰ ਪੁਲ ਨੇੜੇ ਤਿੰਨ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਉਸਦਾ ਐਕਟਿਵਾ ਤੇ ਲੈਪਟਾਪ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਗੁਰਪਾਲ ਨਗਰ ਦੇ ਰਹਿਣ ਵਾਲੇ ਹਰਮਿੰਦਰ ਸਿੰਘ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਬੀਤੇ ਦਿਨ ਸ਼ੇਰਪੁਰ ਪੁਲ ਨੇੜੇ ਜਾ ਰਿਹਾ ਸੀ ਤਾਂ ਤਿੰਨ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਸਾਮਾਨ ਦੀ ਮੰਗ ਕੀਤੀ।
ਜਦੋਂ ਉਸਨੇ ਨਕਦੀ ਜਾਂ ਹੋਰ ਸਾਮਾਨ ਦੇਣ ਬਾਰੇ ਇਨਕਾਰ ਕੀਤਾ ਤਾਂ ਕਥਿਤ ਦੋਸ਼ੀ ਉਸ ਨਾਲ ਉਲਝ ਪਏ ਤੇ ਉਸ ਪਾਸੋਂ ਐਕਟਿਵਾ ਤੇ ਲੈਪਟਾਪ ਖੋਹ ਕੇ ਫ਼ਰਾਰ ਹੋ ਗਏ। ਹਰਮਿੰਦਰ ਸਿੰਘ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਲੁਟੇਰਿਆਂ ਬਾਰੇ ਕੁੱਝ ਪਤਾ ਨਹੀਂ ਲੱਗਾ ਹੈ।