ਪੰਜਾਬੀ
ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮਿਲਿਆ
Published
3 years agoon

ਲੁਧਿਆਣਾ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮਿਲਿਆ ਅਤੇ ਉਨ੍ਹਾਂ ਆਪਣੇ ਵਰਕਰਾਂ/ ਹੈਲਪਰਾਂ ਨੂੰ ਚੋਣ ਡਿਊਟੀ ਸਮੇਂ ਆਈਆਂ ਮੁਸ਼ਕਿਲਾਂ ‘ਤੇ ਰੋਸ ਜ਼ਾਹਰ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਆਂਗਣਵਾੜੀ ਵਰਕਰਾਂ /ਹੈਲਪਰਾਂ ਦੀ ਡਿਊਟੀ ਚੋਣ ਕਮਿਸ਼ਨਰ ਵਲੋਂ ਥਰਮੋ ਸਕੈਨਿੰਗ ‘ਤੇ ਲਗਾਈ ਗਈ ਸੀ ਤੇ ਇਹ ਡਿਊਟੀ ਸਵੇਰੇ ਸਾਢੇ 7 ਤੋਂ ਲੈ ਕੇ 6 ਵਜੇ ਤਕ ਵੱਖ ਵੱਖ ਥਾਵਾਂ ‘ਤੇ ਤੈਅ ਕੀਤੀ ਗਈ ਸੀ, ਪਰ ਲੁਧਿਆਣਾ ਸ਼ਹਿਰ ਵਿਚ ਵਰਕਰਾਂ /ਹੈਲਪਰਾਂ ਨੂੰ ਰਾਤ ਦੇ 12:30 ਵਜੇ ਤਕ ਰੋਕੀ ਰੱਖਿਆ ਗਿਆ ਅਤੇ ਕੂੜਾ ਕਰਕਟ ਦੀ ਸਫਾਈ ਵਰਕਰ /ਹੈਲਪਰ ਤੋਂ ਕਰਵਾਈ ਗਈ।
ਮੈਡੀਕਲ ਵੇਸਟਜ਼ ਦੀਆਂ ਬਾਲਟੀਆਂ ਅਤੇ ਵੇਸਟੇਜ ਦੀ ਚੁਕਾਈ ਤੱਕ ਵਰਕਰ/ਹੈਲਪਰ ਵਲੋਂ ਕਰਵਾਈ ਗਈ ਜੋ ਆਂਗਣਵਾੜੀ ਵਰਕਰ /ਹੈਲਪਰ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਪਹਿਲਾਂ ਵੀ ਲਿਖਤੀ ਰੂਪ ਵਿਚ ਦੇ ਚੁੱਕੀ ਹੈ ਕਿ ਕੋਵਿਡ ਵਿਚ ਕੰਮ ਕਰਨ ਵਾਲੇ ਸਾਰੇ ਕਾਮਿਆਂ ਦਾ ਕੋਰੋਨਾ ਰਿਸਕਵਰ ਬੀਮਾ ਕੀਤਾ ਹੋਇਆ ਹੈ, ਜਦਕਿ ਆਂਗਨਵਾੜੀ ਵਰਕਰ/ ਹੈਲਪਰ ਨੂੰ ਨਾ ਹੀ ਕੇਂਦਰ ਸਰਕਾਰ ਵਲੋਂ ਅਤੇ ਨਾ ਹੀ ਪੰਜਾਬ ਸਰਕਾਰ ਵਲੋਂ ਕੋਰੋਨਾ ਰਿਸਕ ਕਵਰ ਵਿਚ ਸ਼ਾਮਿਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਰਾਤ ਦੇ 1 ਵਜੇ ਤੱਕ ਕੰਮ ਕਰ ਕੇ ਘਰੇ ਵਾਪਸ ਜਾਣ ਦੀ ਕੋਈ ਵੀ ਸਕਿਉਰਿਟੀ ਮੁਹੱਈਆ ਨਹੀਂ ਸੀ, ਜਿਸ ਨਾਲ ਆਂਗਣਵਾੜੀ ਵਰਕਰ /ਹੈਲਪਰ ਵਿਚ ਤਿੱਖਾ ਰੋਸ ਹੈ। ਇਸ ਰੋਸ ਨੂੰ ਲੈ ਕੇ ਸਮੂਹ ਵਰਕਰਾਂ/ ਹੈਲਪਰਾਂ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਆਪਣੀ ਤਕਲੀਫ਼ ਸੁਣਾਈ, ਜਿਸ ਪਿੱਛੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੁਲਾਜ਼ਮਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਗਿਆ ਕਿ ਉਹ ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਚੋਣ ਕਮਿਸ਼ਨਰ ਅੱਗੇ ਦਰਪੇਸ਼ ਮੁਸ਼ਕਲਾਂ ਰੱਖਣਗੇ।