ਪੰਜਾਬ ਨਿਊਜ਼
ਵਿੱਤ ਮੰਤਰੀ ਨੇ ਲੁਧਿਆਣਾ ‘ਚ ਬਾਬਾ ਵਿਸ਼ਵਕਰਮਾ ਮੰਦਿਰ ਦੇ ਨਵੀਨੀਕਰਨ ਲਈ ਇੱਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ
Published
3 years agoon

ਲੁਧਿਆਣਾ : ਪੰਜਾਬ ਦੇ ਵਿੱਤ ਤੇ ਕਰ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਬਾਰੇ ਫੈਸਲਾ ਕੱਲ 6 ਨਵੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਲਵੇਗੀ।
ਅੱਜ ਲੁਧਿਆਣਾ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਬਾਬਾ ਵਿਸ਼ਵਕਰਮਾ ਜੀ ਦਾ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਲਈ ਵੀ ਭਾਰੀ ਰਾਹਤ ਦੇਣ ਦੀ ਇੱਛੁਕ ਹੈ ਪਰ ਅੰਤਿਮ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਜਾਵੇਗਾ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ, ਸਿਹਤ, ਬਿਜਲੀ, ਪੁਲਿਸ, ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਹਰ ਖੇਤਰ ਦਾ ਧਿਆਨ ਰੱਖਣਾ ਹੈ ਅਤੇ ਲੋਕਾਂ ਲਈ ਕਈ ਸਮਾਜ ਭਲਾਈ ਸਕੀਮਾਂ ਚਲਾਉਣੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਦੇ ਮੁਕਾਬਲੇ ਪੈਟਰੋਲ ਅਤੇ ਡੀਜ਼ਲ ੋਤੇ ਜ਼ਿਆਦਾ ਟੈਕਸ ਵਸੂਲਦੀ ਹੈ ਪਰ ਪੰਜਾਬ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਤੋਂ ਘੱਟ ਕਰਨ ਲਈ ਬਹੁਤ ਉਤਸੁਕ ਹੈ ।
ਇਸ ਤੋਂ ਪਹਿਲਾਂ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ‘ਕਿਰਤ ਦੇ ਦੇਵਤਾ’ ਵਜੋਂ ਜਾਣੇ ਜਾਂਦੇ ਬਾਬਾ ਵਿਸ਼ਵਕਰਮਾ ਜੀ ਪੂਰੇ ਬ੍ਰਹਿਮੰਡ (ਸ੍ਰਿਸ਼ਟੀ) ਦੇ ਸ੍ਰੇਸ਼ਟ ਨਿਰਮਾਤਾ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜੋ ਵੀ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਦੇਖ ਰਹੇ ਹਾਂ, ਉਹ ਬਾਬਾ ਵਿਸ਼ਵਕਰਮਾ ਜੀ ਦੇ ਆਸ਼ੀਰਵਾਦ ਅਤੇ ਮਸ਼ੀਨੀ ਹੁਨਰ ਨਾਲ ਹੀ ਹੋ ਰਿਹਾ ਹੈ।
ਵਿੱਤ ਮੰਤਰੀ ਨੇ ਬਾਬਾ ਵਿਸ਼ਵਕਰਮਾ ਮੰਦਰ ਦੇ ਨਵੀਨੀਕਰਨ ਲਈ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਉਦਯੋਗ ਤੇ ਵਣਜ ਮੰਤਰੀ ਸ.ਗੁਰਕੀਰਤ ਸਿੰਘ ਕੋਟਲੀ ਵੀ ਬਾਬਾ ਵਿਸ਼ਵਕਰਮਾ ਜੀ ਅੱਗੇ ਨਤਮਸਤਕ ਹੋਏ ਅਤੇ ਦੋਵਾਂ ਮੰਤਰੀਆਂ ਵੱਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ 10-10 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਉਦਯੋਗਪਤੀ ਵਨੀਤ ਮੌਦਗਿੱਲ, ਤਰਵਿੰਦਰ ਸਿੰਘ, ਸ਼ੈਲ ਵਿਨਾਇਕ, ਨੀਰਜ ਕੁਮਾਰ ਧੀਰ, ਹਰਵਿੰਦਰ ਸਿੰਘ ਧੀਮਾਨ, ਦੀਪਜੋਤ ਸਿੰਘ ਸੇਠੀ, ਨਿਖਿਲ ਢੰਡ, ਰੋਹਿਤ ਆਹੂਜਾ, ਤਰੁਣ ਨੰਦਾ, ਪੁਨੀਤ ਗੋਇਲ ਅਤੇ ਦੀਦਾਰਜੀਤ ਸਿੰਘ ਲੋਟੇ ਨੂੰ ਉਦਯੋਗ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।