ਅਪਰਾਧ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਜੁੜੇ ਘੁਟਾਲਿਆਂ ਦੀਆਂ 3 ਫਾਈਲਾਂ ਗ਼ਾਇਬ, FIR ਦਰਜ ਕਰਵਾਏਗਾ ਵਿਭਾਗ
Published
3 years agoon

ਲੁਧਿਆਣਾ : ਸਾਬਕਾ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਬਹੁ ਕਰੋੜੀ ਟੈਂਡਰ ਅਲਾਟਮੈਂਟ ਮਾਮਲੇ ’ਚ ਚੱਲ ਰਹੀ ਜਾਂਚ ਦੌਰਾਨ ਵਿਭਾਗ ਦੀਆਂ ਤਿੰਨ ਅਹਿਮ ਫਾਈਲਾਂ ਗੁੰਮ ਹੋ ਗਈਆਂ ਹਨ। ਵਿਭਾਗ ਦੇ ਖ਼ੁਰਾਕ ਭਵਨ ’ਚੋ ਗੁੰਮ ਹੋਈਆਂ ਇਹ ਫਾਈਲਾਂ ਪਿਛਲੇ ਦਿਨੀਂ ਬਰਖ਼ਾਸਤ ਕੀਤੇ ਗਏ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨਾਲ ਸਬੰਧਤ ਹਨ ਇਨ੍ਹਾਂ ਦੀਆਂ ਤਾਰਾਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਜੁੜੀਆਂ ਦੱਸੀਆਂ ਜਾਂਦੀਆਂ ਹਨ।
ਸੂਤਰਾਂ ਮੁਤਾਬਕ ਰਾਕੇਸ਼ ਸਿੰਗਲਾ ਖ਼ਿਲਾਫ਼ ਛੇ ਚਾਰਜਸ਼ੀਟਾਂ ਦਾਖ਼ਲ ਹੋਈਆਂ ਸਨ। ਇਸ ਦੇ ਬਾਵਜੂਦ ਉਸ ਨੂੰ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਤੋਂ ਪਦਉਨਤ ਕਰ ਕੇ ਡਿਪਟੀ ਡਾਇਰੈਕਟਰ ਬਣਾਇਆ ਗਿਆ। ਹੋਰ ਤਾਂ ਹੋਰ ਵਿਭਾਗ ਦੀ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਵੀ ਲਗਾਇਆ ਗਿਆ ਸੀ। ਦਿਲਚਸਪ ਗੱਲ ਹੈ ਕਿ ਰਾਕੇਸ਼ ਸਿੰਗਲਾ ਨੇ ਕਨੈਡਾ ਦੀ ਪੀਆਰ ਲੈ ਰੱਖੀ ਹੈ, ਇਸਦੇ ਬਾਵਜੂਦ ਉਸ ਨੂੰ ਇਹ ਸਾਰੇ ਅਹਿਮ ਅਹੁਦੇ ਦਿੱਤੇ ਗਏ।
ਵਿਜੀਲੈਂਸ ਨੇ ਜਦੋਂ ਉਸ ਦੀ ਨਿਯੁਕਤੀ ਸਬੰਧੀ ਵਿਭਾਗ ਤੋਂ ਫਾਈਲਾਂ ਮੰਗੀਆਂ ਤਾਂ ਵਿਭਾਗ ਦੀ ਇਸਟੈਬਲਿਸ਼ਮੈਂਟ ਸ਼ਾਖਾ ਤੋਂ ਇਹ ਫਾਈਲਾਂ ਗਾਇਬ ਹੋ ਗਈਆਂ। ਇਨ੍ਹਾਂ ਫਾਈਲਾਂ ’ਚ ਹੀ ਰਾਕੇਸ਼ ਸਿੰਗਲਾ ਨੂੰ ਚਾਰਜਸ਼ੀਟ ਕਰਨ, ਵਿਭਾਗੀ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਲਗਾਉਣ ਤੇ ਟੈਂਡਰ ਅਲਾਟਮੈਂਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਸਬੰਧੀ ਨਿਰਦੇਸ਼ ਸ਼ਾਮਲ ਹਨ।
ਸੂਤਰ ਦੱਸਦੇ ਹਨ ਕਿ ਵਿਜੀਲੈਂਸ ਇਹ ਸੁਰਾਗ ਲਗਾਉਣਾ ਚਾਹੁੰਦੀ ਹੈ ਕਿ ਤੱਤਕਾਲੀ ਮੰਤਰੀ ਤੋਂ ਇਲਾਵਾ ਕਿਹੜੇ -ਕਿਹੜੇ ਅਧਿਕਾਰੀਆਂ ਨੇ ਬਰਖ਼ਾਸਤ ਅਧਿਕਾਰੀ ਰਾਕੇਸ਼ ਸਿੰਗਲਾ ’ਤੇ ਮੇਹਰਬਾਨੀ ਕੀਤੀ ਹੈ ਤੇ ਕਿਹੜੇ ਅਧਿਕਾਰੀਆਂ ਨੇ ਸਿੰਗਲਾ ਦਾ ਨਾਮ ਤਸਦੀਕ ਕੀਤਾ ਸੀ, ਜਦਕਿ ਉਸ ਖ਼ਿਲਾਫ਼ ਛੇ ਚਾਰਜਸ਼ੀਟਾਂ ਜਾਰੀ ਹੋਈਆਂ ਸਨ। ਦੱਸਿਆ ਜਾਂਦਾ ਹੈ ਕਿ ਕਰੋਡ਼ਾਂ ਰੁਪਏ ਦੇ ਟੈਂਡਰ ਅਲਾਟਮੈਂਟ ਘੁਟਾਲੇ ਦੇ ਮੁੱਖ ਮੁਲਜ਼ਮਾਂ ’ਚੋਂ ਸਿੰਗਲਾ ਇੱਕ ਹੈ। ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਕਈ ਅਧਿਕਾਰੀਆਂ ’ਤੇ ਵੀ ਗਾਜ ਡਿੱਗ ਸਕਦੀ ਹੈ।