ਬਾਲੀਵੁੱਡ ਲਈ ਸਾਲ 2022 ਬਾਕਸ ਆਫਿਸ ਦੇ ਲਿਹਾਜ਼ ਨਾਲ ਕੁਝ ਖ਼ਾਸ ਨਹੀਂ ਰਿਹਾ। ਇਕ ਜਾਂ ਦੋ ਫ਼ਿਲਮਾਂ ਨੂੰ ਛੱਡ ਦਿੱਤਾ ਜਾਵੇ ਤਾਂ ਵੱਡੇ-ਵੱਡੇ ਕਲਾਕਾਰਾਂ ਦੀਆਂ ਵੱਡੇ ਬਜਟ ਦੀਆਂ ਫ਼ਿਲਮਾਂ ਫਲਾਪ ਰਹੀਆਂ ਹਨ। ਅੱਜ ਅਸੀਂ ਤੁਹਾਡੇ ਲਈ ਸਾਲ 2022 ਦੀਆਂ ਵੱਡੇ ਬਜਟ ਵਾਲੀਆਂ 10 ਫ਼ਿਲਮਾਂ ਦੀ ਲਿਸਟ ਲੈ ਕੇ ਆਏ ਹਾਂ, ਜਿਨ੍ਹਾਂ ਦੀ ਕਮਾਈ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ–
ਹੀਰੋਪੰਤੀ 2
29 ਅਪ੍ਰੈਲ, 2022 ਨੂੰ ਰਿਲੀਜ਼ ਹੋਈ ਅਹਿਮਦ ਖ਼ਾਨ ਦੀ ਇਹ ਫ਼ਿਲਮ ਬਾਕਸ ਆਫਿਸ ’ਤੇ ਕੁਝ ਕਰ ਦਿਖਾਉਣ ’ਚ ਸਫਲ ਨਹੀਂ ਰਹੀ। ਇਸ ਫ਼ਿਲਮ ’ਚ ਟਾਈਗਰ ਸ਼ਰਾਫ ਤੇ ਤਾਰਾ ਸੁਤਾਰੀਆ ਮੁੱਖ ਭੂਮਿਕਾ ’ਚ ਸਨ, ਜਦਕਿ ਨਵਾਜ਼ੂਦੀਨ ਸਿੱਦੀਕੀ ਨੇ ਵੀ ਅਹਿਮ ਭੂਮਿਕਾ ਨਿਭਾਈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ 70 ਕਰੋੜ ਰੁਪਏ ’ਚ ਬਣ ਕੇ ਤਿਆਰ ਹੋਈ ਇਹ ਫ਼ਿਲਮ ਬਾਕਸ ਆਫਿਸ ’ਤੇ ਲਗਭਗ 35.13 ਕਰੋੜ ਰੁਪਏ ਹੀ ਕਮਾ ਸਕੀ।
ਜਯੇਸ਼ਭਾਈ ਜ਼ੋਰਦਾਰ
13 ਮਈ, 2022 ਨੂੰ ਰਿਲੀਜ਼ ਹੋਈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਦੀ ਇਸ ਫ਼ਿਲਮ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਦਿਵਿਆਂਗ ਠੱਕਰ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਕੁਲ ਬਜਟ 86 ਕਰੋੜ ਰੁਪਏ ਦੱਸਿਆ ਗਿਆ ਸੀ ਪਰ ਬਾਕਸ ਆਫਿਸ ’ਤੇ ਇਹ ਕੁਝ ਕਮਾਲ ਨਹੀਂ ਦਿਖਾ ਸਕੀ ਤੇ ਫ਼ਿਲਮ ਸਿਰਫ 26.13 ਕਰੋੜ ਰੁਪਏ ਹੀ ਕਮਾਈ ਕਰ ਸਕੀ।
ਬੱਚਨ ਪਾਂਡੇ
ਬਾਲੀਵੁੱਡ ਦੇ ਦਿੱਗਜ ਅਦਾਕਾਰ ਅਕਸ਼ੇ ਕੁਮਾਰ ਦੀ ਇਹ ਫ਼ਿਲਮ 18 ਮਾਰਚ, 2022 ਨੂੰ ਰਿਲੀਜ਼ ਹੋਈ ਸੀ ਪਰ ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਲਿਆਉਣ ’ਚ ਅਸਮਰੱਥ ਰਹੀ। ਫਰਹਾਦ ਸਾਮਜੀ ਦੀ ਇਸ ਫ਼ਿਲਮ ਨੂੰ ਬਣਨ ’ਚ ਲਗਭਗ 165 ਕਰੋੜ ਰੁਪਏ ਲੱਗੇ ਪਰ ਬਾਕਸ ਆਫਿਸ ’ਤੇ ਫ਼ਿਲਮ ਦੀ ਕਮਾਈ ਸਿਰਫ 73.17 ਕਰੋੜ ਰੁਪਏ ਹੀ ਰਹੀ।
ਸਮਰਾਟ ਪ੍ਰਿਥਵੀਰਾਜ
ਉਥੇ ਅਕਸ਼ੇ ਕੁਮਾਰ ਦੀ ਇਹ ਦੂਜੀ ਫ਼ਿਲਮ ਸੀ, ਜੋ ਫਲਾਪ ਸਾਬਿਤ ਹੋਈ। ਚੰਦਰਪ੍ਰਕਾਸ਼ ਦਿਵੇਦੀ ਵਲੋਂ ਨਿਰਦੇਸ਼ਿਤ ਇਹ ਫ਼ਿਲਮ 3 ਜੂਨ, 2022 ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਬਣਾਉਣ ’ਚ ਲਗਭਗ 150 ਤੋਂ 200 ਕਰੋੜ ਰੁਪਏ ਖਰਚਾ ਆਇਆ ਸੀ ਪਰ ਫ਼ਿਲਮ ਬਾਕਸ ਆਫਿਸ ’ਤੇ ਸਿਰਫ 90.32 ਕਰੋੜ ਰੁਪਏ ਹੀ ਕਮਾ ਪਾਈ।
ਰਕਸ਼ਾ ਬੰਧਨ
ਅਕਸ਼ੇ ਕੁਮਾਰ ਦੀ ਤੀਜੀ ਫ਼ਿਲਮ ‘ਰਕਸ਼ਾ ਬੰਧਨ’ ਤੋਂ ਵੀ ਜਿੰਨੀ ਮੇਕਰਜ਼ ਨੂੰ ਉਮੀਦ ਸੀ, ਉਸ ’ਤੇ ਫ਼ਿਲਮ ਖਰੀ ਨਹੀਂ ਉਤਰੀ। ਆਨੰਦ ਐੱਲ. ਰਾਏ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ਦਾ ਬਜਟ ਲਗਭਗ 100 ਕਰੋੜ ਰੁਪਏ ਸੀ ਪਰ ਇਸ ਦੀ ਕੁਲ ਕਮਾਈ ਸਿਰਫ 62.62 ਕਰੋੜ ਰੁਪਏ ਹੀ ਰਹੀ।
ਲਾਲ ਸਿੰਘ ਚੱਢਾ
ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਨੂੰ ਆਪਣੀ ਇਸ ਫ਼ਿਲਮ ਤੋਂ ਕਾਫੀ ਉਮੀਦਾਂ ਸਨ। ਇਸ ਲਈ ਉਨ੍ਹਾਂ ਨੇ ਫ਼ਿਲਮ ਦੀ ਰੱਜ ਕੇ ਪ੍ਰਮੋਸ਼ਨ ਕੀਤੀ ਪਰ ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਸਿਨੇਮਾਘਰਾਂ ਤਕ ਲਿਆਉਣ ’ਚ ਸਫਲ ਨਹੀਂ ਰਹੀ ਤੇ ਫ਼ਿਲਮ ਫਲਾਪ ਹੋ ਗਈ। ਫ਼ਿਲਮ ਦਾ ਬਜਟ 180 ਕਰੋੜ ਰੁਪਏ ਸੀ ਪਰ ਫ਼ਿਲਮ ਦੀ ਕੁਲ ਕਮਾਈ ਸਿਰਫ 129.64 ਕਰੋੜ ਰੁਪਏ ਹੀ ਰਹੀ।
ਧਾਕੜ
20 ਮਈ, 2022 ਨੂੰ ਰਿਲੀਜ਼ ਹੋਈ ਕੰਗਨਾ ਰਣੌਤ ਦੀ ਇਹ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਸਾਬਿਤ ਹੋਈ। ਰਜਨੀਸ਼ ਘਈ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਬਜਟ ਲਗਭਗ 85 ਕਰੋੜ ਰੁਪਏ ਸੀ ਪਰ ਫ਼ਿਲਮ ਦੀ ਕੁਲ ਕਮਾਈ ਸਿਰਫ 2.5 ਕਰੋੜ ਰੁਪਏ ਹੀ ਰਹੀ।
ਅਟੈਕ ਪਾਰਟ 1
1 ਅਪ੍ਰੈਲ, 2022 ਨੂੰ ਰਿਲੀਜ਼ ਹੋਈ ਬਾਲੀਵੁੱਡ ਦੇ ਦਿੱਗਜ ਅਦਾਕਾਰ ਜੌਨ ਅਬ੍ਰਾਹਮ ਦੀ ਇਹ ਫ਼ਿਲਮ ਵੀ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਲਿਆਉਣ ’ਚ ਸਫਲ ਨਹੀਂ ਹੋਈ। ਲਕਸ਼ੇ ਰਾਜ ਆਨੰਦ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਬਣਾਉਣ ’ਚ 80 ਕਰੋੜ ਰੁਪਏ ਲੱਗੇ ਪਰ ਫ਼ਿਲਮ ਦੀ ਕਮਾਈ ਸਿਰਫ 22.07 ਕਰੋੜ ਰੁਪਏ ਰਹੀ।
ਜਰਸੀ
ਸ਼ਾਹਿਦ ਕਪੂਰ ਦੀ ਇਹ ਫ਼ਿਲਮ ਬਹੁਤ ਪਹਿਲਾਂ ਹੀ ਰਿਲੀਜ਼ ਹੋ ਜਾਣੀ ਸੀ ਪਰ ਕੋਵਿਡ ਕਾਰਨ ਇਸ ਨੂੰ 22 ਅਪ੍ਰੈਲ, 2022 ਨੂੰ ਰਿਲੀਜ਼ ਕੀਤਾ ਗਿਆ ਪਰ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਹੋ ਗਈ। ਇਸ ਫ਼ਿਲਮ ਦਾ ਬਜਟ 80 ਕਰੋੜ ਰੁਪਏ ਸੀ ਪਰ ਇਸ ਦੀ ਕਮਾਈ ਸਿਰਫ 27.9 ਕਰੋੜ ਰੁਪਏ ਹੀ ਰਹੀ।
ਸ਼ਮਸ਼ੇਰਾ
ਰਣਬੀਰ ਕਪੂਰ ਦੀ ਇਸ ਫ਼ਿਲਮ ਦੀ ਦਰਸ਼ਕਾਂ ਨੂੰ ਕਾਫੀ ਬੇਸਬਰੀ ਨਾਲ ਉਡੀਕ ਸੀ ਪਰ ਜਦੋਂ ਫ਼ਿਲਮ ਰਿਲੀਜ਼ ਹੋਈ ਤਾਂ ਇਸ ਦਾ ਕੁਝ ਖ਼ਾਸ ਅਸਰ ਬਾਕਸ ਆਫਿਸ ’ਤੇ ਨਹੀਂ ਦਿਖਿਆ। ਕਰਨ ਮਲਹੋਤਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਬਜਟ ਲਗਭਗ 150 ਕਰੋੜ ਰੁਪਏ ਸੀ ਪਰ ਫ਼ਿਲਮ ਦੀ ਕੁਲ ਕਮਾਈ ਲਗਭਗ 63.58 ਕਰੋੜ ਰੁਪਏ ਹੀ ਰਹੀ।