Connect with us

ਖੇਤੀਬਾੜੀ

ਸਾਲ 2021 : ਪੀ.ਏ.ਯੂ. ਲੁਧਿਆਣਾ ਦੇ ਕਾਰਜਾਂ ਅਤੇ ਪ੍ਰਾਪਤੀਆਂ ਦੀ ਨਜ਼ਰ ਵਿੱਚ

Published

on

Year 2021: P.A.U. In view of the works and achievements of

ਸੰਸਾਰ ਸਾਹਮਣੇ ਕੋਵਿਡ ਮਹਾਂਮਾਰੀ ਦੇ ਖਤਰੇ ਦੇ ਬਾਵਜੂਦ ਇਸ ਸਾਲ ਵੀ ਪੀ.ਏ.ਯੂ. ਨੇ ਬੀਤੇ ਸਾਲਾਂ ਵਾਂਗ ਬਹੁਤ ਸ਼ਾਨਦਾਰ ਅਤੇ ਜ਼ਿਕਰਯੋਗ ਕਾਰਜ ਕੀਤਾ । ਖੇਤੀ ਖੇਤਰ ਵਿੱਚ ਪੀ.ਏ.ਯੂ. ਨੇ ਕਿਸਾਨਾਂ ਨੂੰ ਸੰਕਟ ਦੌਰਾਨ ਨਾ ਸਿਰਫ ਆਪਣੀਆਂ ਖੋਜ ਗਤੀਵਿਧੀਆਂ ਜਾਰੀ ਰੱਖੀਆਂ ਬਲਕਿ ਇਹਨਾਂ ਖੋਜਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਪਸਾਰ ਕਾਰਜ ਵੀ ਨਿਰਵਿਘਨ ਚਾਲੂ ਰਹੇ ।
ਨਵੇਂ ਕਾਲਜ ਦੀ ਸਥਾਪਨਾ :
ਇਸ ਸਾਲ ਸਤੰਬਰ ਵਿੱਚ ਪੀ.ਏ.ਯੂ. ਦੇ ਨਵੇਂ ਖੇਤੀਬਾੜੀ ਕਾਲਜ ਦਾ ਬੱਲੋਵਾਲ ਸੌਂਖੜੀ ਵਿਖੇ ਉਦਘਾਟਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ । ਇਹ ਯੂਨੀਵਰਸਿਟੀ ਦੀ ਅਕਾਦਮਿਕ ਸਿੱਖਿਆ ਨੂੰ ਦੂਰ-ਦੁਰਾਡੇ ਪਹੁੰਚਾਉਣ ਲਈ ਯੂਨੀਵਰਸਿਟੀ ਵੱਲੋਂ ਕੀਤੇ ਗਏ ਯਤਨਾਂ ਦਾ ਸਿੱਟਾ ਹੈ । ਇਸ ਤੋਂ ਇਲਾਵਾ ਯੂਨੀਵਰਸਿਟੀ ਤੋਂ ਬਾਹਰ ਸਥਾਪਿਤ ਕੀਤਾ ਗਿਆ ਪਹਿਲਾ ਕਾਲਜ ਵੀ ਹੈ ।
ਪ੍ਰਾਪਤੀਆਂ :
ਇਸ ਵਰੇ ਯੂਨੀਵਰਸਿਟੀ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਆਪਣੀ ਰੈਂਕਿੰਗ ਅਨੁਸਾਰ ਦੇਸ਼ ਦੀਆਂ ਰਾਜ ਖੇਤੀ ਯੂਨੀਵਰਸਿਟੀਆਂ ਵਿੱਚੋਂ ਦੂਜੀ ਅਤੇ ਖੇਤੀ ਸੰਸਥਾਵਾਂ ਵਿੱਚੋਂ ਪੰਜਵੀਂ ਰੈਂਕਿੰਗ ਦਿੱਤੀ। 2021 ਵਿੱਚ ਪੀ.ਏ.ਯੂ. ਨੂੰ ਭੋਜਨ ਉਦਯੋਗ ਦੇ ਖੇਤਰ ਵਿੱਚ ਸਿਖਲਾਈ ਦੇਣ ਲਈ ਦੇਸ਼ ਦੇ ਸਰਵੋਤਮ ਸਿਖਲਾਈ ਕੇਂਦਰ ਵਜੋਂ ਐਗਰੀ ਫੂਡ ਇੰਡੀਆ ਐਵਾਰਡਜ਼ 2021 ਨਾਲ ਸਨਮਾਨਿਆ ਗਿਆ । ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਰਾਸ਼ਟਰੀ ਖੇਤੀ ਉੱਚ ਸਿੱਖਿਆ ਪ੍ਰੋਜੈਕਟ ਤਹਿਤ ਪੀ.ਏ.ਯੂ. ਨੂੰ ਦੇਸ਼ ਦੇ ਸਭ ਤੋਂ ਸਾਫ-ਸੁਥਰੇ ਅਤੇ ਹਰੇ ਭਰੇ ਕੈਂਪਸ ਦਾ ਐਵਾਰਡ ਦਿੱਤਾ। ਇਸ ਐਵਾਰਡ ਵਿੱਚ 10 ਲੱਖ ਰੁਪਏ ਦੀ ਰਾਸ਼ੀ ਅਤੇ ਪ੍ਰਮਾਣ ਪੱਤਰ ਸ਼ਾਮਿਲ ਹੈ ।
ਕਿਸਾਨ ਮੇਲੇ :
ਇਸ ਸਾਲ ਕੋਵਿਡ ਦੇ ਬਾਵਜੂਦ ਪੀ.ਏ.ਯੂ. ਨੇ ਪਸਾਰ ਗਤੀਵਿਧੀਆਂ ਵਿੱਚ ਲਗਾਤਾਰਤਾ ਬਣਾਈ ਰੱਖੀ । ਸਰਕਾਰੀ ਹਦਾਇਤਾਂ ਅਨੁਸਾਰ ਇਕੱਠ ਨਾ ਹੋਣ ਕਰਕੇ ਪੀ.ਏ.ਯੂ. ਨੇ ਮਾਰਚ ਅਤੇ ਸਤੰਬਰ ਮਹੀਨੇ ਆਨਲਾਈਨ ਵਰਚੂਅਲ ਕਿਸਾਨ ਮੇਲੇ ਆਯੋਜਿਤ ਕੀਤੇ । ਇਹਨਾਂ ਮੇਲਿਆਂ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ । ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਇਹਨਾਂ ਆਨਲਾਈਨ ਮੇਲਿਆਂ ਵਿੱਚ ਹਿੱਸਾ ਲਿਆ । ਇਸ ਤੋਂ ਇਲਾਵਾ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰਾਂ ਵਿੱਚ ਵੀ ਆਨਲਾਈਨ ਕਿਸਾਨ ਮੇਲਿਆਂ ਦਾ ਆਯੋਜਨ ਹੋਇਆ । ਇਸ ਤੋਂ ਇਲਾਵਾ ਦੋ ਰੋਜਾ ਭੋਜਨ ਉਦਯੋਗ ਅਤੇ ਕਰਾਫਟ ਮੇਲਾ ਵੀ ਆਨਲਾਈਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਖੇਤੀਬਾੜੀ ਕਾਰੋਬਾਰੀ ਉੱਦਮੀਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਸ਼ਾਮਿਲ ਹੋਏ ।

ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨੂੰ ਪੀ.ਏ.ਯੂ. ਦੇ ਪਸਾਰ ਯਤਨਾਂ ਸਦਕਾ 2021 ਵਿੱਚ 6.01 ਲੱਖ ਹੈਕਟੇਅਰ ਵਿੱਚ ਕਿਸਾਨਾਂ ਨੇ ਅਪਨਾਇਆ । ਇਹ ਰਕਬਾ 2019 ਵਿੱਚ 60,000 ਹੈਕਟੇਅਰ ਅਤੇ 2020 ਵਿੱਚ 5 ਲੱਖ ਹੈਕਟੇਅਰ ਦੇ ਮੁਕਾਬਲੇ ਵਧਿਆ ਹੈ। ਇਸ ਨਾਲ ਪੰਜਾਬ ਵਿੱਚ ਪਾਣੀ ਅਤੇ ਖੇਤੀ ਮਜ਼ਦੂਰੀ ਦੀ ਬੱਚਤ ਦੇ ਖੇਤਰ ਵਿੱਚ ਯੂਨੀਵਰਸਿਟੀ ਦੇ ਕਾਰਜਾਂ ਨੂੰ ਬਲ ਮਿਲਿਆ ਹੈ । ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਐਗਰੋ ਇਕੋ ਸਿਸਟਮ ਮੋਨੀਟੀਰਿੰਗ ਅਤੇ ਮੋਡਲਿੰਗ ਫਰਾਮ ਸਪੇਸ ਲੈਬਾਰਟਰੀ ਮੁਤਾਬਿਕ 15 ਸਤੰਬਰ ਤੋਂ 4 ਨਵੰਬਰ 2021 ਤੱਕ ਪੰਜਾਬ ਵਿੱਚ 2020 ਦੇ ਮੁਕਾਬਲੇ 51.4 ਪ੍ਰਤੀਸ਼ਤ ਘੱਟ ਪਰਾਲੀ ਸਾੜਨ ਦੇ ਮਾਮਲੇ ਦਰਜ ਹੋਏ।

2020-21 ਦੌਰਾਨ ਪੰਜਾਬ ਵਿੱਚ 93.6 ਹਜ਼ਾਰ ਹੈਕਟੇਅਰ ਰਕਬਾ ਫਲਦਾਰ ਫਸਲਾਂ ਹੇਠ ਦਰਜ ਕੀਤਾ ਗਿਆ ਜੋ 2019-20 ਵਿੱਚ 90.4 ਹਜ਼ਾਰ ਹੈਕਟੇਅਰ ਨਾਲੋਂ ਵਧੇਰੇ ਹੈ । ਇਸੇ ਤਰਾਂ ਸਬਜ਼ੀਆਂ ਵਿੱਚ 2019-20 ਵਿੱਚ 289.4 ਹਜ਼ਾਰ ਹੈਕਟੇਅਰ ਦੇ ਮੁਕਾਬਲੇ 2020-21 ਵਿੱਚ 305.4 ਹਜ਼ਾਰ ਹੈਕਟੇਅਰ ਰਕਬਾ ਦਰਜ ਕੀਤਾ ਗਿਆ ।
ਜੈਵਿਕ ਕੀਟ ਨਾਸ਼ਕਾਂ ਦੀ ਵਰਤੋਂ ਜੋ 2016-17 ਵਿੱਚ 134 ਟਨ ਸੀ । 2020-21 ਦੌਰਾਨ 210 ਟਨ ਤੱਕ ਪਹੁੰਚ ਗਈ । ਕੋਵਿਡ ਦੀਆਂ ਚੁਣੌਤੀਆਂ ਦੇ ਬਾਵਜੂਦ ਯੂਨੀਵਰਸਿਟੀ ਨੇ ਬੀਜਾਂ ਅਤੇ ਫਲਦਾਰ ਬੂਟਿਆਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਯਕੀਨੀ ਬਣਾਈ ਰੱਖਿਆ ।

ਪੀ.ਏ.ਯੂ. ਵੱਲੋਂ ਹਰ ਵੀਰਵਾਰ ਸ਼ੋਸ਼ਲ ਮੀਡੀਆ ਉੱਪਰ ਲਾਈਵ ਪ੍ਰੋਗਰਾਮ ਨਾਲ 40-50 ਹਜ਼ਾਰ ਕਿਸਾਨ ਹਰੇਕ ਹਫਤੇ ਜੁੜਦੇ ਹਨ । ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹ ਸੇਵਾ ਕੇਂਦਰਾਂ ਦੇ ਮਾਹਿਰਾਂ ਵੱਲੋਂ ਬਣਾਏ 827 ਵਟਸਐੱਪ ਗਰੁੱਪ ਵੀ ਕਿਸਾਨਾਂ ਲਈ ਪਸਾਰ ਅਤੇ ਸੂਚਨਾ ਸੰਚਾਰ ਦਾ ਮਾਧਿਅਮ ਸਾਬਤ ਹੋਏ ਹਨ । ਪੀ.ਏ.ਯੂ. ਕਿਸਾਨ ਐਪ ਅਤੇ ਹੋਰ ਨਵੇਂ ਸੰਚਾਰ ਮਾਧਿਅਮਾਂ ਨਾਲ ਕਿਸਾਨਾਂ ਦਾ ਜੁੜਨਾ ਲਗਾਤਾਰ ਜਾਰੀ ਹੈ । ਇਸ ਸਾਲ ਕਿਸਾਨ ਐਪ ਧਾਰਕਾਂ ਦੀ ਗਿਣਤੀ 79,000, ਫਾਰਮ ਇਨਪੁੱਟਸ ਐਪ ਧਾਰਕਾਂ ਦੀ ਗਿਣਤੀ 3700 ਹੋ ਗਈ । ਇਸ ਤੋਂ ਇਲਾਵਾ 13,800 ਕਿਸਾਨਾਂ ਨੇ ਪੀ.ਏ.ਯੂ. ਦੇ ਯੂ-ਟਿਊਬ ਚੈਨਲ ਅਤੇ 49,200 ਕਿਸਾਨਾਂ ਨੇ ਫੇਸਬੁੱਕ ਪੇਜ ਨੂੰ ਫਾਲੋ ਕੀਤਾ ਹੋਇਆ ਹੈ । 1000 ਕਿਸਾਨ ਪੀ.ਏ.ਯੂ. ਟਵਿਟਰ ਨਾਲ 5,11,606 ਕਿਸਾਨ ਪੰਜਾਬੀ ਵਿੱਚ ਪੀ.ਏ.ਯੂ. ਵੈੱਬਸਾਈਟ ਫਾਰਮਰਜ਼ ਪੋਰਟਲ ਨਾਲ ਜੁੜੇ ਹਨ । ਹਫਤਾਵਰ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼ 9.4 ਲੱਖ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ ।
ਨਵੀਆਂ ਕਿਸਮਾਂ :
ਇਸ ਸਾਲ ਪੀ.ਏ.ਯੂ. ਨੇ ਨਵੀਆਂ ਫਸਲਾਂ ਦੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਸਾਹਮਣੇ ਲਿਆਂਦੀਆਂ । ਇਹਨਾਂ ਵਿੱਚ ਕਣਕ ਦੀ ਕਿਸਮ ਪੀ ਬੀ ਡਬਲਯੂ 766, ਪੀ ਬੀ ਡਬਲਯੂ 771, ਪੀ ਬੀ ਡਬਲਯੂ 757, ਪੀ ਬੀ ਡਬਲਯੂ 1 ਚਪਾਤੀ, ਪੀ ਬੀ ਡਬਲਯੂ 803, ਪੀ ਬੀ ਡਬਲਯੂ 824 ਅਤੇ ਪੀ ਬੀ ਡਬਲਯੂ 869 ਪ੍ਰਮੁੱਖ ਹਨ । ਇਹਨਾਂ ਤੋਂ ਇਲਾਵਾ ਕਮਾਦ ਦੀਆਂ ਨਵੀਆਂ ਕਿਸਮਾਂ ਸੀ ਓ ਪੀ ਬੀ 95, ਸੀ ਓ ਪੀ ਬੀ 96, ਸੀ ਓ 15023 ਅਤੇ ਸੀ ਓ ਪੀ ਬੀ 98 ਵੀ ਉਤਪਾਦਨ ਲਈ ਸਿਫ਼ਾਰਸ਼ ਕੀਤੀਆਂ ਗਈਆਂ । ਮੱਕੀ ਦੀਆਂ ਕਿਸਮਾਂ ਵਿੱਚ ਪੀ ਐੱਮ ਐੱਚ 13, ਜੇ ਸੀ 4 ਅਤੇ ਏ ਡੀ ਵੀ 9293, ਬਾਸਮਤੀ ਦੀਆਂ ਕਿਸਮਾਂ ਵਿੱਚ ਪੰਜਾਬ ਬਾਸਮਤੀ 7, ਮੂੰਗੀ ਦੀ ਕਿਸਮ ਐੱਮ ਐੱਲ 1808, ਬਰਸੀਮ ਦੀ ਕਿਸਮ ਬੀ ਐੱਲ 44, ਜਵੀ ਦੀ ਕਿਸਮ ਓ ਐੱਲ 15, ਖੀਰੇ ਦੀ ਕਿਸਮ ਪੀ ਕੇ ਐੱਚ 11, ਖਰਬੂਜੇ ਦੀ ਕਿਸਮ ਪੰਜਾਬ ਸਾਰਦਾ, ਗਾਜਰਾਂ ਦੀਆਂ ਕਿਸਮਾਂ ਪੀ ਸੀ ਵਾਈ 2, ਪੀ ਸੀ ਪੀ 2 ਸ਼ਾਮਿਲ ਹਨ ।

ਪੀ.ਏ.ਯੂ. ਦੇ ਵਿਗਿਆਨੀਆਂ ਨੇ ਇਸ ਸਾਲ ਆਪਣੇ-ਆਪਣੇ ਖੇਤਰ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ । ਬਹੁਤ ਸਾਰੀਆਂ ਨਵੀਆਂ ਨਿਯੁਕਤੀਆਂ ਹੋਈਆਂ ਅਤੇ ਬਹੁਤ ਸਾਰੇ ਅਧਿਆਪਨ, ਗੈਰ ਅਧਿਆਪਨ ਅਮਲੇ ਦੇ ਮੈਂਬਰ ਸੇਵਾ ਮੁਕਤ ਵੀ ਹੋਏ । ਸੇਵਾ ਮੁਕਤ ਹੋਣ ਵਾਲਿਆਂ ਵਿੱਚ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਰਜਿਸਟਰਾਰ ਡਾ. ਆਰ ਐੱਸ ਸਿੱਧੂ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜੀ ਕੇ ਸਾਂਘਾ, ਵਧੀਕ ਨਿਰਦੇਸ਼ਕ ਖੋਜ ਫਸਲ ਵਿਕਾਸ ਡਾ. ਕੇ ਐੱਸ ਥਿੰਦ, ਇੰਚਾਰਜ਼ ਪਲਾਂਟ ਕਲੀਨਿਕ ਡਾ. ਐੱਸ ਕੇ ਥਿੰਦ ਅਤੇ ਪੌਦਾ ਰੋਗ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਪ੍ਰਮੁੱਖ ਹਨ ।

ਇਸੇ ਤਰਾਂ ਨਵੀਆਂ ਨਿਯੁਕਤੀਆਂ ਵਿੱਚ ਡਾ. ਜੀ ਐੱਸ ਮਾਂਗਟ ਨੂੰ ਵਧੀਕ ਨਿਰਦੇਸ਼ਕ ਖੋਜ ਫਸਲ ਵਿਕਾਸ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ, ਡਾ. ਤੇਜਿੰਦਰ ਸਿੰਘ ਰਿਆੜ ਨੂੰ ਅਪਰ ਨਿਰਦੇਸ਼ਕ ਸੰਚਾਰ, ਡਾ. ਵੀ ਐੱਸ ਸੋਹੂ ਮੁਖੀ ਪਲ਼ਾਂਟ ਬਰੀਡਿੰਗ ਵਿਭਾਗ ਅਤੇ ਡਾ. ਮਹੇਸ਼ ਕੁਮਾਰ ਨਾਰੰਗ ਨੂੰ ਮੁਖੀ ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨਿਯੁਕਤ ਕੀਤਾ ਗਿਆ ।

ਪੀ.ਏ.ਯੂ. ਨੇ ਆਪਣੀਆਂ ਵਿਕਸਿਤ ਕੀਤੀਆਂ ਤਕਨੀਕਾਂ ਨੂੰ ਖੇਤੀ ਕਾਰੋਬਾਰੀਆਂ ਤੱਕ ਪਹੁੰਚਾਉਣ ਲਈ ਬਹੁਤ ਸਾਰੇ ਸਮਝੌਤਿਆਂ ਤੇ ਦਸਤਖਤ ਕੀਤੇ । ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਦੀਆਂ ਕਈ ਫਰਮਾਂ ਅਤੇ ਸੰਸਥਾਵਾਂ ਨੇ ਪੀ.ਏ.ਯੂ. ਦੀਆਂ ਤਕਨਾਲੋਜੀਆਂ ਜਿਨਾਂ ਵਿੱਚ ਕਿਸਮਾਂ, ਬਾਇਓਗੈਸ ਪਲਾਂਟ ਮਾਡਲ, ਮਿੱਟੀ ਰਹਿਤ ਛੱਤ ਬਗੀਚੀ ਮਾਡਲ, ਮੱਛਰਾਂ ਨੂੰ ਦੂਰ ਰੱਖਣ ਵਾਲੇ ਸੂਤੀ ਕੱਪੜੇ ਦੀ ਤਕਨੀਕ, ਖੇਤੀ-ਉਦਯੋਗ ਸੂਰਜੀ ਊਰਜਾ ਸੁਕਾਵਾ, ਲੱਕੀ ਸੀਡ ਡਰਿੱਲ, ਬੋਤਲਬੰਦ ਗੰਨੇ ਦਾ ਰਸ, ਫਲਾਂ ਅਤੇ ਗੰਨੇ ਦਾ ਸਿਰਕਾ ਅਤੇ ਚਕੁੰਦਰ ਦਾ ਪਾਊਡਰ ਅਤੇ ਸਾਗ ਦੀ ਪੈਕਿੰਗ ਦੀ ਤਕਨੀਕ ਪ੍ਰਮੁੱਖ ਹਨ ।

Facebook Comments

Trending