ਲੁਧਿਆਣਾ : ਨਰਮਾ ਤੇ ਕਪਾਹ ਖੋਜ ਵਿੱਚ ਸ਼ਾਨਦਾਰ ਸੇਵਾਵਾਂ ਲਈ ਡਾਃ ਲਖਵਿੰਦਰ ਸਿੰਘ ਰੰਧਾਵਾ ਨੂੰ ਮਹਾਂਰਾਣਾ ਪ੍ਰਤਾਪ ਐਗਰੀਕਲਚਰਲ ਯੂੀਵਰਸਿਟੀ ਉਦੈਪੁਰ (ਰਾਜਿਸਥਾਨ) ਵਿਖੇ ਨਰਮਾ ਖੋਜ ਵਿੱਚ ਵਡੇਰੀਆਂ ਸੇਵਾਵਾਂ ਲਈ ਜੀਵਨ ਭਰ ਸੇਵਾ ਪੁਰਸਕਾਰ ਮਿਲਿਆ ਹੈ। ਇਹ ਕਾਨਫਰੰਸ ਮਹਾਂਰਾਣਾ ਪ੍ਰਤਾਪ ਖੇਤੀਬਾੜੀ ਤੇ ਤਕਨਾਲੋਜੀ ਯੂਨੀਵਰਸਿਟੀ ਵੱਲੋਂ ਨਰਮਾ ਖੋਜ ਤੇ ਵਿਕਾਸ ਅਸੋਸੀਏਸ਼ਨ ਵੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਈ ਗਈ ਹੈ।
ਡਾਃ ਰੰਧਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਐੱਮ ਐੱਸ ਸੀ ਪਲਾਂਟ ਬਰੀਡਿੰਗ ਤੇ ਪੀ ਐੱਚ ਡੀ ਕਰਕੇ ਵੀਹ ਸਾਲ ਨਰਮਾ ਖੋਜ ਵਿੱਚ ਸੇਵਾਵਾਂ ਕਰਨ ਉਪਰੰਤ ਪਹਿਲਾਂ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਨਰਮਾ ਖੋਜ ਕੇਂਦਰ ਸਿਰਸਾ ਦੇ ਡਾਇਰੈਕਟਰ ਵਜੋਂ ਨਿਯੁਕਤ ਹੋਏ। ਡਾਃ ਰੰਧਾਵਾ ਇਸ ਉਪਰੰਤ ਅਮਰੀਕਾ ਚਲੇ ਗਏ ਜਿੱਥੇ ਉਹ ਇੰਟਰਨੈਸ਼ਨਲ ਖੋਜ ਸੰਸਥਾਵਾਂ ਵਿੱਚ ਡਾਇਰੈਕਟਰ ਖੋਜ ਵਜੋਂ ਕਾਰਜਸ਼ੀਲ ਰਹੇ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਅਫਗਾਨਾ ਨੇੜੇ ਪਿੰਡ ਅਲੀਵਾਲ ਜੱਟਾਂ ਦੇ ਜੰਮਪਲ ਹਨ ਅਤੇ ਵਿਸ਼ਵ ਪਛਾਣ ਪ੍ਰਾਪਤ ਵਿਗਿਆਨੀ ਹਨ। ਡਾਃ ਲਖਵਿੰਦਰ ਸਿੰਘ ਰੰਧਾਵਾ ਇਸ ਵਕਤ ਲੁਧਿਆਣਾ ਵਿੱਚ ਆਪਣੇ ਬਿਰਧ ਮਾਤਾ ਜੀ ਦੀ ਸੇਵਾ ਸੰਭਾਲ ਲਈ ਆਪਣੀ ਜੀਵਨ ਸਾਥਣ ਡਾਃ ਜਗਦੀਸ਼ ਕੌਰ ਸਮੇਤ ਆਏ ਹੋਏ ਹਨ। ਪੁਰਸਕਾਰ ਪ੍ਰਾਪਤ ਕਰਨ ਵੇਲੇ ਵੀ ਉਨ੍ਹਾਂ ਦੀ ਜੀਵਨ ਸਾਥਣ ਡਾਃ ਜਗਦੀਸ਼ ਕੌਰ ਉਨ੍ਹਾਂ ਦੇ ਨਾਲ ਸਨ।