Connect with us

ਇੰਡੀਆ ਨਿਊਜ਼

ਭਾਜਪਾ ‘ਚ ਸ਼ਾਮਲ ਹੋਣ ਮਗਰੋਂ ਕੀ ਕਿਹਾ ਮੁੱਕੇਬਾਜ਼ ਵਿਜੇਂਦਰ ਨੇ? : ਪੜ੍ਹੋ

Published

on

ਨਵੀਂ ਦਿੱਲੀ : ਓਲੰਪੀਅਨ ਮੁੱਕੇਬਾਜ਼ ਅਤੇ ਕਾਂਗਰਸ ਨੇਤਾ ਵਿਜੇਂਦਰ ਸਿੰਘ ਬੁੱਧਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਘਰ ਵਾਪਸੀ ਵਾਂਗ ਹੈ। ਭਾਜਪਾ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਜੇਂਦਰ ਨੇ ਕਿਹਾ, “ਸਾਰੇ ਨੂੰ ਰਾਮ ਰਾਮ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਹਾਂ। ਇਕ ਤਰ੍ਹਾਂ ਨਾਲ ਇਹ ਮੇਰੀ ਘਰ ਵਾਪਸੀ ਹੈ।

ਉਨ੍ਹਾਂ ਅੱਗੇ ਕਿਹਾ, ‘ਮੋਦੀ ਸਰਕਾਰ ‘ਚ ਖਿਡਾਰੀਆਂ ਦਾ ਸਨਮਾਨ ਵਧਿਆ ਹੈ। ਹੁਣ ਅਸੀਂ ਆਸਾਨੀ ਨਾਲ ਵਿਦੇਸ਼ ਵੀ ਆ ਸਕਦੇ ਹਾਂ ਅਤੇ ਜਾ ਸਕਦੇ ਹਾਂ। ਮੈਂ ਪਹਿਲਾਂ ਵਰਗਾ ਹੀ ਵਿਜੇਂਦਰ ਹਾਂ, ਜੋ ਗਲਤ ਲੱਗੇਗਾ, ਉਸ ਨੂੰ ਗਲਤ ਕਹਾਂਗਾ ਅਤੇ ਜੋ ਸਹੀ ਲੱਗੇਗਾ, ਉਸ ਨੂੰ ਸਹੀ ਕਹਾਂਗਾ।” ਵਿਜੇਂਦਰ ਸਿੰਘ ਨੇ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ, ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਦੱਖਣੀ ਦਿੱਲੀ ਤੋਂ ਪਾਰਟੀ ਦੇ ਉਮੀਦਵਾਰ ਰਾਮਵੀਰ ਸਿੰਘ ਬਿਧੂੜੀ ਦੀ ਮੌਜੂਦਗੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਲਈ।

ਪਿਛਲੇ ਕੁਝ ਦਿਨਾਂ ਤੋਂ ਚਰਚਾ ਸੀ ਕਿ ਕਾਂਗਰਸ ਉਨ੍ਹਾਂ ਨੂੰ ਅਭਿਨੇਤਰੀ ਅਤੇ ਮੌਜੂਦਾ ਸੰਸਦ ਮੈਂਬਰ ਹੇਮਾ ਮਾਲਿਨੀ ਦੇ ਖਿਲਾਫ ਮਥੁਰਾ ਤੋਂ ਮੈਦਾਨ ‘ਚ ਉਤਾਰ ਸਕਦੀ ਹੈ। ਸਿੰਘ ਜਾਟ ਭਾਈਚਾਰੇ ਨਾਲ ਸਬੰਧਤ ਹਨ, ਜਿਨ੍ਹਾਂ ਦਾ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਵੱਡੀ ਗਿਣਤੀ ਸੀਟਾਂ ‘ਤੇ ਸਿਆਸੀ ਪ੍ਰਭਾਵ ਹੈ।

ਸਿੰਘ ਨੇ ਦੱਖਣੀ ਦਿੱਲੀ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸਨੇ 2008 ਬੀਜਿੰਗ ਓਲੰਪਿਕ ਵਿੱਚ ਮੁੱਕੇਬਾਜ਼ੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ ਕਈ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਦੇਸ਼ ਲਈ ਤਗਮੇ ਜਿੱਤ ਚੁੱਕਾ ਹੈ।

Facebook Comments

Trending