ਲੁਧਿਆਣਾ : ਬੁੱਧਵਾਰ ਦੀ ਦੁਪਹਿਰ ਨੇ ਸੂਬੇ ਦੇ ਲੋਕਾਂ ਲਈ ਰਾਹਤ ਲੈ ਕੇ ਦਿੱਤੀ ਜੋ ਪਿਛਲੇ ਦਸ ਦਿਨਾਂ ਤੋਂ ਲੂ ਅਤੇ ਕਹਿਰ ਦੀ ਗਰਮੀ ਨਾਲ ਜੂਝ ਰਹੇ ਸਨ। ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਪਟਿਆਲਾ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਜਲੰਧਰ ‘ਚ ਦੁਪਹਿਰ 3.30 ਵਜੇ ਤੋਂ ਅਤੇ ਲੁਧਿਆਣਾ ‘ਚ ਸ਼ਾਮ 5 ਵਜੇ ਤੋਂ ਬੱਦਲ ਛਾਏ ਰਹੇ ਹਨ। ਇਸ ਦੇ ਨਾਲ ਹੀ ਹੁਸ਼ਿਆਰਪੁਰ ‘ਚ ਵੀ ਭਾਰੀ ਮੀਂਹ ਪੈ ਰਿਹਾ ਹੈ। 
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਬੁੱਧਵਾਰ ਸ਼ਾਮ ਨੂੰ ਲੁਧਿਆਣਾ ਵਿੱਚ 4 ਮਿਲੀਮੀਟਰ, ਅੰਮ੍ਰਿਤਸਰ ਵਿੱਚ 4 ਮਿਲੀਮੀਟਰ, ਪਾਟਿਆਲਾ ਵਿੱਚ 9 ਮਿਲੀਮੀਟਰ ਅਤੇ ਫਤਿਹਗੜ੍ਹ ਸਾਹਿਬ ਵਿੱਚ 6.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਵਿੱਚ ਇੱਕ ਵਾਰ ਫਿਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ। ਜਿਸ ਕਾਰਨ 18 ਜੂਨ ਤੱਕ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।